ਸ਼ਿਮਲਾ: ਦਸੰਬਰ ਚੜ੍ਹਦਿਆਂ ਹੀ ਮੌਸਮ ਨੇ ਕਰਵਟ ਲਈ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਰਾਜ ਦੇ ਉਪਰਲੇ ਹਿੱਸਿਆਂ ਵਿੱਚ ਬਰਫ਼ਬਾਰੀ ਤੇ ਹੇਠਲੇ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਲਈ ਵਿਭਾਗ ਨੇ ਕੁੱਲੂ, ਚੰਬਾ ਤੇ ਕਿਨੌਰ ਦੇ ਉੱਚਾਈ ਵਾਲੇ ਸਥਾਨਾਂ 'ਤੇ 4 ਤੋਂ 5 ਦਸੰਬਰ ਦਰਮਿਆਨ ਭਾਰੀ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਅਗਲੇ 48 ਘੰਟਿਆਂ ਦੌਰਾਨ ਕਿਨੌਰ, ਲਾਹੌਲ-ਸਪਿਤੀ ਤੇ ਚੰਬਾ ਜ਼ਿਲ੍ਹੇ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ, ਜਦਕਿ ਸੂਬੇ ਦੇ ਹੇਠਲੇ ਇਲਾਕਿਆਂ 'ਚ ਬਾਰਸ਼ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ 4 ਦਸੰਬਰ ਤੋਂ ਮੁੜ ਸਰਗਰਮ ਪੱਛਮੀ ਗੜਬੜੀ ਕਾਰਨ ਸੂਬੇ ਵਿੱਚ ਭਾਰੀ ਬਰਫ਼ਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਮਲਾ ਸ਼ਹਿਰ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਘੱਟ ਹੈ। ਪੱਛਮੀ ਗੜਬੜੀ ਕਾਰਨ ਤਾਪਮਾਨ ਸਥਿਰ ਹੈ, ਜਿਸ ਵਿੱਚ 6 ਦਸੰਬਰ ਤੋਂ ਬਾਅਦ ਗਿਰਾਵਟ ਦੇਖਣ ਨੂੰ ਮਿਲੇਗੀ।

ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ



ਪੱਛਮੀ ਗੜਬੜੀ ਕਾਰਨ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਅਜਿਹੇ 'ਚ ਦਸੰਬਰ ਦੇ ਪਹਿਲੇ ਹਫਤੇ ਬਾਰਸ਼ ਹੋਣ ਨਾਲ ਉੱਤਰੀ ਭਾਰਤ 'ਚ ਠੰਢ ਵਧੇਗੀ। ਮੌਸਮ ਵਿਗਿਆਨ ਕੇਂਦਰ ਜੈਪੁਰ ਮੁਤਾਬਕ, ਅਗਲੇ 12 ਘੰਟਿਆਂ ਵਿੱਚ ਦੱਖਣੀ ਅੰਡੇਮਾਨ ਸਾਗਰ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 1 ਦਸੰਬਰ ਤੋਂ ਰਾਜ ਵਿੱਚ ਪੱਛਮੀ ਗੜਬੜੀ ਦੇ ਵੀ ਸਰਗਰਮ ਹੋਣ ਦੀ ਸੰਭਾਵਨਾ ਹੈ।