ਨਵੀਂ ਦਿੱਲੀ: ਉੱਤਰੀ ਭਾਰਤ 'ਚ ਮੌਸਮ ਦੇ ਮਿਜਾਜ ਬਦਲ ਰਹੇ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦੋ ਹਫਤਿਆਂ ਨੂੰ ਲੈ ਕੇ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਪਹਿਲੇ ਹਫਤੇ 'ਚ ਕਈ ਥਾਵਾਂ 'ਤੇ ਬਾਰਸ਼ ਹੋਣ ਦੀ ਗੱਲ ਕਹੀ ਗਈ ਹੈ ਤੇ ਕੁਝ ਇਲਾਕਿਆਂ 'ਚ ਗੜੇ ਡਿੱਗਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਦੂਜੇ ਹਫਤੇ 'ਚ ਉੱਤਰ ਪੱਛਮੀ ਭਾਰਤ 'ਚ ਤਾਪਮਾਨ ਦੇ ਵਧਣ ਦੀ ਗੱਲ ਕਹੀ ਹੈ।


ਆਈਐਮਡੀ ਦੇ ਮੁਤਾਬਕ 21 ਤੋਂ 24 ਮਾਰਚ ਦੇ ਵਿਚ ਪੱਛਮੀ ਗੜਬੜੀ ਦੇ ਕਾਰਨ ਪੱਛਮੀ ਹਿਮਾਲਿਆ ਖੇਤਰ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 24 ਤੋਂ 31 ਮਾਰਚ ਦੇ ਵਿਚ ਕੋਈ ਪੱਛਮੀ ਗੜਬੜੀ ਨਾ ਹੋਣ ਕਾਰਨ, ਉੱਤਰ ਪੱਛਮੀ ਭਾਰਤ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਜ਼ਿਆਦਾਤਰ ਤਾਪਮਾਨ 'ਚ ਵਾਧਾ ਹੋ ਸਕਦਾ ਹੈ।


18 ਤੋਂ 24 ਮਾਰਚ ਦੇ ਵਿਚ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਤਾਪਮਾਨ ਦੇ ਇਕਸਾਰ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਕ ਤੀਬਰ ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ ਖੇਤਰ 'ਚ ਭਾਰੀ ਮੀਂਹ ਹੋਣ ਦੀ ਗੱਲ ਕਹੀ ਗਈ ਹੈ ਤੇ 21 ਤੋਂ 24 ਮਾਰਚ ਤਕ ਉੱਤਰ ਪੱਛਮੀਂ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਹੋਣ ਦੀ ਸੰਭਾਵਨਾ ਹੈ।


ਹਫਤੇ ਦੀ ਸ਼ੁਰੂਆਤ 'ਚ ਮੱਧ ਪ੍ਰਦੇਸ਼, ਛੱਤੀਸਗੜ੍ਹ 'ਚ ਗੜਗੜਹਾਟ ਦੇ ਨਾਲ ਥੋੜ੍ਹਾ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।