ਨਵੀਂ ਦਿੱਲੀ: ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਉੱਤਰੀ ਭਾਰਤ ’ਚ ਠੰਢ ਲਈ ਔਰੇਂਜ਼ ਅਲਰਟ ਜਾਰੀ ਕੀਤਾ ਹੈ। ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਸਖ਼ਤ ਠੰਢ ਜਾਰੀ ਹੈ। ਅਗਲੇ ਕੁਝ ਦਿਨਾਂ ’ਚ ਇਸ ਤੋਂ ਰਾਹਤ ਮਿਲਣ ਦੀ ਕੋਈ ਆਸ ਨਹੀਂ। ਉੱਧਰ ਦੱਖਣੀ ਭਾਰਤ ’ਚ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। ਤਾਮਿਲਨਾਡੂ, ਪੁੱਡੂਚੇਰੀ, ਕਰਾਈਕਲ, ਕੇਰਲ ’ਚ ਚੱਕਰਵਾਤੀ ਪ੍ਰਭਾਵ ਕਾਰਨ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਵਨਾ ਹੈ।


ਅਨੁਮਾਨਾਂ ਅਨੁਸਾਰ ਉੱਪ ਹਿਮਾਲਿਆ ਦੇ ਖੇਤਰਾਂ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਤੇ ਸਿੱਕਿਮ ’ਚ ਸੰਘਣੀ ਧੁੰਦ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ਤੇ ਦੱਖਣੀ ਆਸਾਮ ’ਚ ਵੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ।


ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਲਈ 13 ਤੋਂ 16 ਜਨਵਰੀ ਤੱਕ ਔਰੇਂਜ਼ ਅਲਰਟ ਜਾਰੀ ਕੀਤਾ ਹੈ। ਮਾਹਿਰਾਂ ਅਨੁਸਾਰ ਬਿਹਾਰ ’ਚ ਅਗਲੇ ਚਾਰ-ਪੰਜ ਦਿਨਾਂ ਤੱਕ ਦਿਨ ਦੇ ਤਾਪਮਾਨ ਦੇ ਨਾਲ-ਨਾਲ ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ ਹੋਵੇਗੀ, ਜਿਸ ਨਾਲ ਠੰਢ ਵਧੇਗੀ।


ਉੱਤਰ ਪ੍ਰਦੇਸ਼ ’ਚ ਪਾਰਾ ਪੰਜ ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ ਹੈ। ਕਾਨਪੁਰ, ਬਰੇਲੀ, ਮੁਜ਼ੱਫ਼ਰਨਗਰ ਤੇ ਰਾਏ ਬਰੇਲੀ, ਨੈਨੀਤਾਲ ਜਿਹੇ ਸ਼ਹਿਰ ਸ਼ਿਮਲਾ ਤੋਂ ਵੱਧ ਠੰਢੇ ਸਨ। ਉੱਧਰ ਕਸ਼ਮੀਰ ਵਾਦੀ ’ਚ ਵੀ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਪਹਾੜਾਂ ’ਚ ਬਰਫ਼ਬਾਰੀ ਜਾਰੀ ਹੈ। ਸ੍ਰੀਨਗਰ ’ਚ ਵੀ ਬਰਫ਼ਬਾਰੀ ਵਧ ਗਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ