ਨਵੀਂ ਦਿੱਲੀ: ਉੱਤਰ ਤੋਂ ਦੱਖਣ ਤਕ ਮੌਸਮ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਉੱਤਰਾਖੰਡ 'ਚ ਅੱਜ ਲਗਾਤਾਰ ਤੀਜੇ ਦਿਨ ਭਾਰੀ ਬਾਰਸ਼ ਦਾ ਅਲਰਟ ਹੈ। ਪੂਰਬੀ ਉੱਤਰ ਪ੍ਰਦੇਸ਼ 'ਚ ਵੀ ਅਗਲੇ 24 ਘੰਟਿਆਂ 'ਚ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲ 'ਚ ਅੱਜ ਬੰਨ੍ਹ ਖੋਲ੍ਹੇ ਜਾਣ ਨਾਲ ਨਦੀਆਂ 'ਚ ਪਾਣੀ ਦਾ ਖਤਰਾ ਵਧ ਸਕਦਾ ਹੈ। ਕੇਰਲ ਦੇ ਦਸ ਬੰਨ੍ਹਾ ਨੂੰ ਲੈਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦੁਖਦਾਈ ਖ਼ਬਰ ਇਹ ਹੈ ਕਿ ਕੇਰਲ 'ਚ ਹੜ੍ਹ ਤੇ ਬਾਰਸ਼ ਨਾਲ ਮਰਨ ਵਾਲਿਆਂ ਦੀ ਸੰਖਿਆਂ 38 ਹੋ ਗਈ ਹੈ।


ਉੱਤਰਾਖੰਡ 'ਚ ਅਗਲੇ 48 ਘੰਟਿਆਂ 'ਚ ਹੋਰ ਵਿਗੜ ਸਕਦੇ ਹਾਲਾਤ


ਦੱਖਣ ਹੀ ਨਹੀਂ ਉੱਤਰ 'ਚ ਵੀ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਉੱਤਰਾਖੰਡ 'ਚ ਭਾਰੀ ਬਾਰਸ਼ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਗਿਆ ਹੈ। ਉੱਤਰਾਖੰਡ 'ਚ ਅਗਲੇ 48 ਘੰਟਿਆਂ 'ਚ ਭਾਰੀ ਬਾਰਸ਼ ਦਾ ਅਲਰਟ ਹੈ। ਅਜਿਹੇ 'ਚ ਹਾਲਾਤ ਪਹਿਲਾਂ ਤੋਂ ਵੀ ਖ਼ਰਾਬ ਹੋ ਸਕਦੇ ਹਨ।


ਪਿਛਲੇ 24 ਘੰਟਿਆਂ 'ਚ ਡੇਢ ਸੌ ਕਿਲੋਮੀਟਰ ਤੋਂ ਵੀ ਜ਼ਿਆਦਾ ਮੋਹਲੇਧਾਰ ਵਰਖਾ ਨੇ ਨੈਨੀਤਾਲ ਦੀ ਖੂਬਸੂਰਤੀ ਨੂੰ ਜਿਵੇਂ ਪਾਣੀ 'ਚ ਸਮਾ ਲਿਆ ਹੈ। ਨੈਨੀਝੀਲ ਦਾ ਪਾਣੀ ਪਹਿਲੀ ਵਾਰ ਨੈਣਾ ਦੇਵੀ ਮੰਦਰ ਦੇ ਅੰਦਰ ਤਕ ਪਹੁੰਚ ਗਿਆ ਹੈ। ਝੀਲ ਦਾ ਪਾਣੀ ਇੱਥੋਂ ਪੈਦਲ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ। ਮੋਹਲੇਧਾਰ ਬਾਰਸ਼ ਕਾਰਨ ਨੈਨੀਤਾਲ 'ਚ ਜ਼ਬਰਦਸਤ ਲੈਂਡਸਲਾਇਡ ਵੀ ਸ਼ੁਰੂ ਹੋ ਗਈ ਹੈ।


ਪੂਰੇ ਸੂਬੇ ਦੇ ਹਾਲਾਤ 'ਤੇ ਨਜ਼ਰ ਰੱਖਣ ਲਈ ਦੇਹਰਾਦੂਨ 'ਚ ਕੰਟਰੋਲ ਰੂਮ ਬਣਾਇਆ ਗਿਆ ਹੈ। ਸੀਐਮ ਪੁਸ਼ਕਰ ਧਾਮੀ ਵੀ ਕੰਟਰੋਲ ਰੂਮ ਦੇ ਜ਼ਰੀਏ ਰਾਹਤ ਤੇ ਬਚਾਅ ਦੇ ਕੰਮ ਦਾ ਜਾਇਜ਼ਾ ਲੈ ਰਹੇ ਹਨ। ਉੱਤਰਾਖੰਡ ਦੇ ਹਾਲਾਤ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੁੱਖ ਮੰਤਰੂ ਪੁਸ਼ਕਰ ਸਿੰਘ ਧਾਮੀ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉੱਤਰਾਖੰਡ 'ਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਚਾਰਧਾਮ ਯਾਤਰਾ ਰੋਕ ਦਿੱਤੀ ਗਈ ਹੈ।