Weather Update : ਹਿਮਾਲਿਆ ਦੀ ਗੋਦ ਵਿੱਚ ਸਥਿਤ ਪਹਾੜੀ ਰਾਜਾਂ ਵਿੱਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਹੁਣ ਸਰਦੀ ਮਹਿਸੂਸ ਕੀਤੀ ਜਾ ਰਹੀ ਹੈ। ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਸਵੇਰ ਅਤੇ ਸ਼ਾਮ ਨੂੰ ਲੋਕਾਂ ਨੇ ਠੰਢ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਹੈ। ਦਿੱਲੀ-ਐਨਸੀਆਰ ਵਿੱਚ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹੀ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸਵੇਰੇ-ਸ਼ਾਮ ਧੁੰਦ ਛਾਈ ਰਹਿੰਦੀ ਹੈ। ਹੁਣ ਸਰਦੀ ਹੋਰ ਵਧ ਸਕਦੀ ਹੈ, ਕਿਉਂਕਿ ਦੱਖਣੀ ਭਾਰਤ ਵਿੱਚ ਬਾਰਸ਼ ਸ਼ੁਰੂ ਹੋ ਗਈ ਹੈ।



ਮੌਸਮ ਵਿਭਾਗ ਮੁਤਾਬਕ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਸਾਰੇ ਪਹਾੜੀ ਰਾਜਾਂ 'ਚ ਬਰਫਬਾਰੀ ਦੇ ਨਾਲ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਛਿਟੀਆਂ ਬਰਫਬਾਰੀ ਅਤੇ ਬਾਰਿਸ਼ ਕਾਰਨ ਪਾਰਾ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ। ਕਸ਼ਮੀਰ 'ਚ ਤਾਪਮਾਨ ਕਾਫੀ ਘੱਟ ਗਿਆ ਹੈ। ਉੱਥੇ ਭਾਰੀ ਬਰਫਬਾਰੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਾੜਾਂ ਵਿੱਚ ਬਰਫ਼ਬਾਰੀ

ਪਹਾੜਾਂ 'ਤੇ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਸਾਫ ਦਿਖਾਈ ਦੇ ਰਿਹਾ ਹੈ। ਮੈਦਾਨੀ ਸੂਬਿਆਂ 'ਚ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਸਰਦੀ ਵਧ ਗਈ ਹੈ। ਦਿੱਲੀ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 9 ਡਿਗਰੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ।

ਰਾਜਸਥਾਨ 'ਚ ਰਿਕਾਰਡ ਤੋੜ ਠੰਡ

ਰਾਜਸਥਾਨ ਵਿੱਚ ਸਰਦੀਆਂ ਨੇ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤਾ ਹੈ। ਰਾਤ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਕਈ ਇਲਾਕਿਆਂ 'ਚ ਸਵੇਰ ਅਤੇ ਸ਼ਾਮ ਨੂੰ ਕਾਫੀ ਧੁੰਦ ਛਾਈ ਰਹਿੰਦੀ ਹੈ। ਕੋਟਾ, ਬੂੰਦੀ, ਬਾਰਾਨ ਸਮੇਤ ਕਈ ਸ਼ਹਿਰਾਂ 'ਚ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਕੋਟਾ ਵਿੱਚ ਬੀਤੀ ਰਾਤ 8.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਨੇ ਪਿਛਲੇ 11 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ 11 ਸਾਲਾਂ ਵਿੱਚ ਸਭ ਤੋਂ ਠੰਢੀ ਰਾਤ ਸੀ।

ਦੱਖਣੀ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਨੇ ਦੱਖਣੀ ਭਾਰਤ ਦੇ ਸਾਰੇ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਕਈ ਰਾਜਾਂ ਵਿੱਚ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਦੱਖਣੀ ਕਰਨਾਟਕ, ਉੱਤਰੀ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਮੀਂਹ ਕਾਰਨ ਉੱਤਰੀ ਭਾਰਤ ਵੱਲ ਠੰਡੀਆਂ ਹਵਾਵਾਂ ਚੱਲਣ ਲੱਗੀਆਂ ਹਨ। ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਗੋਆ ਦੇ ਤੱਟਵਰਤੀ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਲਕਸ਼ਦੀਪ ਅਤੇ ਅੰਡੇਮਾਨ ਵਿੱਚ ਵੀ ਮੀਂਹ ਪੈ ਸਕਦਾ ਹੈ।