Weather Update: ਮੌਸਮ ਵਿਭਾਗ ਵੱਲੋਂ ਕੜਾਕੇ ਦੀ ਠੰਢ ਵਿਚਕਾਰ ਕੁਝ ਸੂਬਿਆਂ 'ਚ ਬਰਫ਼ਬਾਰੀ ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਨਵੇਂ ਸਾਲ ਦੇ ਪਹਿਲੇ ਹਫ਼ਤੇ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਨੇ ਪੱਛਮੀ ਹਿਮਾਲੀਆਈ ਖੇਤਰ 'ਚ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਦੱਖਣੀ ਭਾਰਤ 'ਚ ਮੀਂਹ ਦਾ ਦੌਰ ਜਾਰੀ ਹੈ। ਅਗਲੇ 24 ਘੰਟਿਆਂ ਦੌਰਾਨ ਤਾਮਿਲਨਾਡੂ ਤੇ ਪੁਡੂਚੇਰੀ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਚੇਨਈ 'ਚ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅਜਿਹੇ 'ਚ ਹੋਰ ਮੀਂਹ ਪੈਣ ਦੀ ਸੰਭਾਵਨਾ ਨੂੰ ਲੈ ਕੇ ਇੱਥੋਂ ਦੇ ਲੋਕ ਵੀ ਚਿੰਤਤ ਹਨ।



ਤਾਪਮਾਨ 'ਤੇ ਨਜ਼ਰ ਰੱਖਣ ਵਾਲੀ ਇਕ ਨਿੱਜੀ ਕੰਪਨੀ ਮੁਤਾਬਕ ਪੱਛਮੀ ਹਿਮਾਲੀਆਈ ਖੇਤਰਾਂ 'ਚ ਪੱਛਮੀ ਗੜਬੜੀ ਕਾਰਨ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਇਹ 3 ਜਨਵਰੀ ਤਕ ਜਾਰੀ ਰਹੇਗਾ ਤੇ ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਉੱਪਰਲੇ ਹਿੱਸਿਆਂ 'ਚ ਹਲਕੀ ਬਾਰਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਪੱਛਮੀ ਗੜਬੜੀ ਦਾ ਅਸਰ ਉੱਤਰ-ਪੱਛਮੀ ਖੇਤਰ 'ਚ ਵਿਖਾਈ ਦੇਵੇਗਾ। 4 ਤੋਂ 7 ਜਨਵਰੀ ਵਿਚਕਾਰ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਹੋਵੇਗੀ। ਇਸ ਤੋਂ ਇਲਾਵਾ 5 ਤੋਂ 7 ਜਨਵਰੀ ਤਕ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।

ਉੱਤਰੀ ਭਾਰਤ 'ਚ ਸ਼ੀਤ ਲਹਿਰ ਦੀ ਸੰਭਾਵਨਾ
ਆਈਐਮਡੀ ਨੇ ਕਿਹਾ ਕਿ 3 ਜਨਵਰੀ ਤਕ ਪੰਜਾਬ, ਉੱਤਰੀ ਰਾਜਸਥਾਨ ਤੇ ਹਰਿਆਣਾ 'ਚ ਸ਼ੀਤ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਕੜਾਕੇ ਦੀ ਸ਼ੀਤ ਲਹਿਰ ਦੌਰਾਨ ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਡਿਗਰੀ ਤੋਂ 6.4 ਡਿਗਰੀ ਵੱਧ ਜਾਂਦਾ ਹੈ।

ਦਿੱਲੀ 'ਚ ਤਾਪਮਾਨ ਵਿੱਚ ਗਿਰਾਵਟ
ਦਿੱਲੀ 'ਚ ਐਤਵਾਰ ਨੂੰ ਧੁੰਦ ਛਾਈ ਰਹੀ ਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 20 ਡਿਗਰੀ ਸੈਲਸੀਅਸ ਤਕ ਰਿਹਾ। ਆਈਐਮਡੀ ਨੇ ਦਿੱਲੀ 'ਚ 3 ਜਨਵਰੀ ਤਕ ਠੰਢ ਦੀ ਲਹਿਰ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਆਈਐਮਡੀ ਦੇ ਅਨੁਸਾਰ ਅਗਲੇ 24 ਘੰਟੇ ਦੌਰਾਨ ਉੱਤਰ, ਪੱਛਮੀ ਤੇ ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ 'ਚ 2-4 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦਿੱਲੀ 'ਚ 7 ਜਨਵਰੀ ਤਕ ਸ਼ੀਤ ਲਹਿਰ ਰਹਿਣ ਦੀ ਸੰਭਾਵਨਾ ਹੈ।

ਇਨ੍ਹਾਂ ਸੂਬਿਆਂ 'ਚ ਵੀ ਪੈ ਸਕਦਾ ਮੀਂਹ
ਵੈਸਟਰਨ ਡਿਸਟਰਬੈਂਸ ਦੇ ਮਜ਼ਬੂਤ ਹੋਣ ਨਾਲ ਪਹਾੜਾਂ 'ਤੇ ਬਰਫ਼ਬਾਰੀ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਮੈਦਾਨੀ ਇਲਾਕਿਆਂ ਦਾ ਤਾਪਮਾਨ ਵੀ ਘਟੇਗਾ। ਇਸ ਕਾਰਨ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਸਮੇਤ ਕਈ ਸੂਬਿਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਜਨਵਰੀ ਦੇ ਪੂਰੇ ਹਫ਼ਤੇ ਤਕ ਉੱਤਰੀ ਭਾਰਤ 'ਚ ਸ਼ੀਤ ਲਹਿਰ ਜਾਰੀ ਰਹਿਣ ਤੇ ਤਾਪਮਾਨ 'ਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904