ਨਵੀਂ ਦਿੱਲੀ: ਪਹਾੜਾਂ 'ਤੇ ਹੋਈ ਜ਼ਬਰਦਸਤ ਬਰਫਬਾਰੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ। ਦਿੱਲੀ-ਐਨਸੀਆਰ 'ਚ ਚੱਲ ਰਹੀ ਸੀਤ ਲਹਿਰ ਕਾਰਨ ਤਾਪਮਾਨ ਹੇਠਾਂ ਡਿੱਗ ਕੇ ਤਿੰਨ ਡਿਗਰੀ ਦੇ ਕਰੀਬ ਜਾ ਪਹੁੰਚਿਆਂ ਹੈ। ਠੰਡ ਏਨੀ ਜ਼ਿਆਦਾ ਵਧ ਗਈ ਹੈ ਕਿ ਲੋਕ ਘਰਾਂ ਤੋਂ ਬਾਹਰ ਨਿੱਕਲਣ ਤੋਂ ਗੁਰੇਜ਼ ਕਰ ਰਹੇ ਹਨ। ਪਰ ਕਿਸਾਨ ਏਨੀ ਠੰਡ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ।


ਦਿੱਲੀ ਚ ਆਰੇਂਜ ਅਲਰਟ


 ਅੱਜ ਤਾਪਮਾਨ 2 ਡਿਗਰੀ ਸੈਲਸੀਅਸ ਤਕ ਜਾ ਸਕਦਾ ਹੈ। ਦਿੱਲੀ 'ਚ ਠੰਡ ਨੂੰ ਦੇਖਦਿਆਂ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।


ਮੌਸਮ ਵਿਭਾਗ ਨੇ ਕਿਹਾ ਕਿ ਇਨ੍ਹਾਂ ਸੂਬਿਆਂ 'ਚ ਧੁੰਦ ਦੀ ਵੀ ਸੰਭਾਵਨਾ ਹੈ। ਰਾਜਸਥਾਨ 'ਚ ਪਾਰਾ ਮਾਇਨਸ 'ਚ ਚਲਾ ਗਿਆ ਹੈ। ਸ਼ਿਮਲਾ 'ਚ ਤਾਪਮਾਨ ਫ੍ਰੀਜਿੰਗ ਪੁਆਇੰਟ ਤੋਂ ਹੇਠਾਂ ਗਿਆ ਹੈ। ਹਰਿਆਣਾ ਦਾ ਨਾਰਨੌਲ ਸ਼ਿਮਲਾ ਤੋਂ ਵੀ ਠੰਡਾ ਹੈ।


ਸ਼ਨੀਵਾਰ ਜਾਰੀ ਕੀਤਾ ਯੈਲੋ ਅਲਰਟ


ਦਿੱਲੀ 'ਚ ਪਾਰਾ ਲਗਾਤਾਰ ਘਟਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਮੰਨਿਆ ਹੈ ਕਿ ਦਿੱਲੀ ਇਸ ਸਮੇਂ ਸੀਤ ਲਹਿਰ ਦੀ ਲਪੇਟ 'ਚ ਹੈ। ਦਿੱਲੀ 'ਚ ਸ਼ੁੱਕਰਵਾਰ ਸੇਵਰ ਦਾ ਤਾਪਮਾਨ 3 ਡਿਗਰੀ ਦੇ ਆਸਪਾਸ ਦਰਜ ਕੀਤਾ ਗਿਆ ਸੀ। ਲਗਾਤਾਰ ਘਟ ਰਹੇ ਤਾਪਮਾਨ ਤੇ ਸੀਤ ਲਹਿਰ ਕਾਰਨ ਆਉਣ ਵਾਲੇ ਦਿਨਾਂ 'ਚ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਹਵਾ ਦੀ ਰਫ਼ਤਾਰ ਥੋੜੀ ਘੱਟ ਰਹੇਗੀ ਪਰ ਠੰਡ ਜਾਰੀ ਰਹੇਗੀ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਸ਼ੁੱਕਰਵਾਰ ਆਰੇਂਜ ਅਲਰਟ ਜਾਰੀ ਕੀਤਾ ਹੈ ਜਦਕਿ ਸ਼ਨੀਵਾਰ ਯੈਲੋ ਅਲਰਟ ਜਾਰੀ ਰਹੇਗਾ।


ਇਨ੍ਹਾਂ ਸੂਬਿਆਂ 'ਚ ਕੜਾਕੇ ਦੀ ਠੰਡ


ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਦੇ ਵੀ ਕਈ ਹਿੱਸਿਆਂ ਤੇ ਉੱਤਰੀ ਰਾਜਸਥਾਨ 'ਚ ਕੋਲਡ ਡੇਅ ਦੀ ਸਥਿਤੀ ਬਣੀ ਹੋਈ ਹੈ। ਦਰਅਸਲ ਇੱਥੇ ਦਿਨ ਦਾ ਤਾਪਮਾਨ 16 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਂਦਾ ਹੈ। ਉੱਤਰ ਪ੍ਰਦੇਸ਼ 'ਚ ਬਰੇਲੀ ਸਭ ਤੋਂ ਠੰਡਾ ਰਿਹਾ। ਜਿੱਥੇ 11 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


ਅਗਲੇ ਹਫ਼ਤੇ ਠੰਡ 'ਚ ਹੋਰ ਹੋਵੇਗਾ ਇਜ਼ਾਫਾ


ਮੌਸਮ ਵਿਗਿਆਨ ਵਿਭਾਗ ਦੇ ਮੁਤਾਬਕ ਪਰਬਤੀ ਇਲਾਕਿਆਂ 'ਚ ਭਾਰੀ ਬਰਫਬਾਰੀ ਦਾ ਅਸਰ ਉੱਤਰ ਭਾਰਤ ਤੇ ਮੈਦਾਨੀ ਇਲਾਕਿਆਂ 'ਚ ਦਿਖਾਈ ਦੇ ਰਿਹਾ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ 'ਚ ਕਈ ਥਾਵਾਂ 'ਤੇ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ ਚ ਭਾਰੀ ਬਰਫ਼ਬਾਰੀ ਹੋਈ ਹੈ। ਇਸ ਕਾਰਨ ਸੀਤ ਲਹਿਰ ਨੇ ਮੈਦਾਨੀ ਇਲਾਕਿਆਂ ਦਾ ਰੁਖ਼ ਕਰ ਲਿਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ