ਕੋਲਕਾਤਾ: ਪੱਛਮੀ ਬੰਗਾਲ 'ਚ ਵਿਧਾਨਸਭਾ ਚੋਣਾਂ ਨੂੰ ਲੈਕੇ ਸਾਰੀਆਂ ਪਾਰਟੀਆਂ ਇਕ ਦੂਜੇ 'ਤੇ ਹਮਲਾ ਬੋਲ ਰਹੀਆਂ ਹਨ। ਇਸੇ ਲੜੀ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਅਜੀਬ ਬਿਆਨਬਾਜੀ ਕੀਤੀ ਹੈ। ਇਕ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਰਿਜ਼ਲਟ ਦੇ ਦਿਨ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਜਿਹਾ ਕਰੰਟ ਲੱਗੇਗਾ ਕਿ ਉਹ ਆਪਣੀ ਕੁਰਸੀ ਤੋਂ ਦੋ ਫੁੱਟ ਉੱਪਰ ਉੱਠ ਜਾਵੇਗੀ।


ਪੱਛਮੀ ਬੰਗਾਲ ਦੇ ਜੋਏਪੁਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ, 'ਵੋਟਿੰਗ ਦੇ ਦਿਨ ਸਵੇਰੇ ਉੱਠੋ। ਆਪਣੇ ਭਗਵਾਨ ਨੂੰ ਯਾਦ ਕਰੋ। ਪੋਲਿੰਗ ਬੂਥ 'ਤੇ ਜਾਓ ਤੇ ਕਮਲ ਦਾ ਬਟਨ ਦਬਾਓ। ਅਜਿਹਾ ਕਰੰਟ ਲੱਗੇਗਾ ਕਿ ਮਮਤਾ ਬੈਨਰਜੀ ਆਪਣੀ ਕੁਰਸੀ ਤੋਂ ਦੋ ਫੁੱਟ ਉੱਪਰ ਉੱਠ ਜਾਵੇਗੀ। ਬੱਸ ਇਹ ਕਰੰਟ ਲਾ ਦਿਉ ਫਿਰ ਦੇਖੋ ਸੂਬੇ 'ਚ ਵਿਕਾਸ ਦਾ ਬਲਬ ਕਿਵੇਂ ਜਗਦਾ ਹੈ।'


ਰੈਲੀ ਦੌਰਾਨ ਗਡਕਰੀ ਨੇ ਕਿਹਾ, 'ਦੋ ਮਈ ਨੂੰ ਪਰਿਵਰਤਨ ਹੋਵੇਗਾ। ਸੂਬੇ 'ਚ ਕਮਲ ਜਿੱਤੇਗਾ। ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲੇਗਾ। ਤਿੰਨ ਮਈ ਨੂੰ ਸਾਡੇ ਲੀਡਰਾਂ ਦੀ ਚੋਣ ਹੋਵੇਗੀ। 4 ਮਈ ਨੂੰ ਬੀਜੇਪੀ ਦੇ ਮੁੱਖ ਮੰਤਰੀ ਸਹੁੰ ਚੁੱਕਣਗੇ। ਹੁਣ ਇਸ ਨੂੰ ਕੋਈ ਰੋਕ ਨਹੀਂ ਸਕੇਗਾ।'