West Bengal Hooghly Violence : ਪੱਛਮੀ ਬੰਗਾਲ ਵਿੱਚ ਐਤਵਾਰ (2 ਅਪ੍ਰੈਲ) ਦੀ ਸ਼ਾਮ ਨੂੰ ਇੱਕ ਵਾਰ ਫਿਰ ਹਿੰਸਾ ਭੜਕ ਗਈ। ਹੁਗਲੀ ਜ਼ਿਲ੍ਹੇ ਵਿੱਚ ਰਾਮ ਨੌਮੀ (Ram Navami) ਦੀ ਸੋਭਾ ਯਾਤਰਾ ਦੌਰਾਨ ਦੋ ਗੁੱਟਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਪੱਥਰਬਾਜ਼ੀ, ਅੱਗਜ਼ਨੀ ਵੀ ਕੀਤੀ ਗਈ। ਇਸ ਪ੍ਰੋਗਰਾਮ 'ਚ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਦਿਲੀਪ ਘੋਸ਼ ਵੀ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਭਾਜਪਾ-ਟੀਐੱਮਸੀ 'ਚ ਫਿਰ ਤੋਂ ਜਵਾਬੀ ਹਮਲੇ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਰਾਮ ਨੌਮੀ ਦੇ ਦਿਨ ਵੀਰਵਾਰ ਨੂੰ ਬੰਗਾਲ ਦੇ ਹਾਵੜਾ 'ਚ ਹਿੰਸਾ ਹੋਈ ਸੀ। 


1. ਪੱਛਮੀ ਬੰਗਾਲ ਦੇ ਹੁਗਲੀ 'ਚ ਐਤਵਾਰ ਨੂੰ ਭਾਜਪਾ ਦੀ ਸੋਭਾ ਯਾਤਰਾ ਦੌਰਾਨ ਕਾਫੀ ਹੰਗਾਮਾ ਅਤੇ ਪੱਥਰਬਾਜ਼ੀ ਹੋਈ। ਇਸ ਦੌਰਾਨ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਇਹ ਘਟਨਾ ਰਿਸ਼ੜਾ ਥਾਣਾ ਖੇਤਰ ਦੇ ਜੀਟੀ ਰੋਡ 'ਤੇ ਵਾਪਰੀ। ਇਸ ਸੋਭਾ ਯਾਤਰਾ ਵਿੱਚ ਬੰਗਾਲ ਦੇ ਭਾਜਪਾ ਆਗੂ ਦਿਲੀਪ ਘੋਸ਼ ਵੀ ਸ਼ਾਮਲ ਸਨ।


2. ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਦਿਲੀਪ ਘੋਸ਼ ਨੇ ਦੋਸ਼ ਲਗਾਇਆ ਕਿ ਲੋਕ ਸੋਭਾ ਯਾਤਰਾ ਲੈ ਕੇ ਜਗਨਨਾਥ ਮੰਦਰ ਜਾ ਰਹੇ ਸਨ, ਜਿਸ ਦੌਰਾਨ ਉਨ੍ਹਾਂ 'ਤੇ ਪਥਰਾਅ ਕੀਤਾ ਗਿਆ। ਅੱਜ ਕਈ ਥਾਵਾਂ 'ਤੇ ਸੋਭਾ ਯਾਤਰਾ ਕੱਢੀ ਗਈ,  ਸੋਭਾ ਯਾਤਰਾ ਸ਼ਾਂਤੀਪੂਰਵਕ ਚੱਲ ਰਹੀ ਸੀ, ਅਚਾਨਕ ਕਿਸੇ ਇਲਾਕੇ ਤੋਂ ਪੱਥਰਬਾਜ਼ੀ ਕੀਤੀ ਗਈ। ਕਾਰ ਦੇ ਸ਼ੀਸ਼ੇ ਟੁੱਟ ਗਏ, ਲੋਕ ਜ਼ਖਮੀ ਹੋਏ। ਬੰਬ ਦੀ ਆਵਾਜ਼ ਆਈ, ਮੈਂ ਆਪਣੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ।


3. ਘੋਸ਼ ਨੇ ਕਿਹਾ ਕਿ ਭਾਜਪਾ ਦੇ ਪੁਰਸੂਰਾ ਦੇ ਵਿਧਾਇਕ ਬਿਮਨ ਘੋਸ਼ ਪੱਥਰਬਾਜ਼ੀ 'ਚ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੋਭਾ ਯਾਤਰਾ ਵਿੱਚ ਕਈ ਔਰਤਾਂ ਅਤੇ ਬੱਚੇ ਭਗਵੇਂ ਝੰਡੇ ਲੈ ਕੇ ਆਏ ਹੋਏ ਸਨ। ਅਚਾਨਕ ਸੜਕ ਦੇ ਇੱਕ ਪਾਸੇ ਤੋਂ ਉਸ 'ਤੇ ਪੱਥਰ ਸੁੱਟੇ ਗਏ। ਪਥਰਾਅ 'ਚ ਕਈ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਮੈਨੂੰ ਅਤੇ ਕੁਝ ਹੋਰ ਨੇਤਾਵਾਂ ਨੂੰ ਬਚਾਇਆ ਗਿਆ ਅਤੇ ਉੱਥੋਂ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸਮਾਂ ਮੂਕ ਦਰਸ਼ਕ ਬਣੇ ਰਹਿਣ ਤੋਂ ਬਾਅਦ ਆਖਰਕਾਰ ਪੁਲੀਸ ਨੇ ਇਨ੍ਹਾਂ ਬਦਮਾਸ਼ਾਂ ਨੂੰ ਭਜਾ ਦਿੱਤਾ।

4. ਸੋਭਾ ਯਾਤਰਾ ਦੌਰਾਨ ਝੜਪਾਂ ਤੋਂ ਬਾਅਦ ਰਾਜ ਸਰਕਾਰ ਨੇ ਹੁਗਲੀ ਜ਼ਿਲ੍ਹੇ ਵਿੱਚ 3 ਅਪ੍ਰੈਲ ਨੂੰ ਰਾਤ 10 ਵਜੇ ਤੱਕ ਇੰਟਰਨੈਟ ਸੇਵਾ ਬੰਦ ਕਰ ਦਿੱਤੀ। ਹੁਗਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪੱਛਮੀ ਬੰਗਾਲ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਰਾਜ ਵਿੱਚ ਰਾਮ ਨੌਮੀ ਹਿੰਸਾ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਤੁਰੰਤ ਮਦਦ ਦੀ ਅਪੀਲ ਕੀਤੀ ਹੈ।

5. ਬੰਗਾਲ ਦੇ ਗਵਰਨਰ ਸੀਵੀ ਆਨੰਦ ਬੋਸ ਇਸ ਸਮੇਂ ਦਾਰਜੀਲਿੰਗ ਵਿੱਚ ਹਨ। ਹੁਗਲੀ ਕਾਂਡ 'ਤੇ ਉਨ੍ਹਾਂ ਕਿਹਾ ਕਿ ਗੁੰਡਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਰਾਜ ਇਸ ਅੱਗਜ਼ਨੀ ਅਤੇ ਲੁੱਟ ਨੂੰ ਖਤਮ ਕਰਨ ਲਈ ਦ੍ਰਿੜ ਹੈ।

6. ਰਾਜਪਾਲ ਸੀਵੀ ਆਨੰਦ ਬੋਸ ਨੇ ਕਿਹਾ ਕਿ ਵਾਧੂ ਫੋਰਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਦੋਸ਼ੀਆਂ ਨੂੰ ਅੱਜ ਰਾਤ ਹੀ ਫੜ ਲਿਆ ਜਾਵੇਗਾ ਅਤੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ। ਅਜਿਹੀ ਗੁੰਡਾਗਰਦੀ ਜਮਹੂਰੀ ਪ੍ਰਕਿਰਿਆਵਾਂ ਨੂੰ ਖੋਖਲਾ ਕਰ ਦਿੰਦੀ ਹੈ।

7. ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਸਵਾਲ ਕੀਤਾ ਹੈ ਕਿ ਰਾਮ ਨੌਮੀ ਤੋਂ ਦੋ ਦਿਨ ਬਾਅਦ ਸੋਭਾ ਯਾਤਰਾ ਦੀ ਕੀ ਲੋੜ ਸੀ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਜੈਪ੍ਰਕਾਸ਼ ਮਜੂਮਦਾਰ ਨੇ ਕਿਹਾ ਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਰਾਮ ਨੌਮੀ ਦੀ ਸੋਭਾ ਯਾਤਰਾ ਕੱਢਣ 'ਤੇ ਅੜੇ ਕਿਉਂ ਹਨ? ਦੋ ਦਿਨਾਂ ਬਾਅਦ ਕਿਉਂ ਕੱਢੀ ਗਈ ਰਾਮ ਨੌਮੀ ਦੀ ਸੋਭਾ ਯਾਤਰਾ ? ਭਾਜਪਾ ਸਿਆਸੀ ਫਾਇਦੇ ਲਈ ਬੰਗਾਲ ਵਿੱਚ ਦੰਗੇ ਕਰਵਾਉਣਾ ਚਾਹੁੰਦੀ ਹੈ।


8. ਉਨ੍ਹਾਂ ਕਿਹਾ ਕਿ ਭਾਜਪਾ ਕੁਝ ਸੰਵੇਦਨਸ਼ੀਲ ਖੇਤਰਾਂ ਵਿੱਚ ਧਾਰਮਿਕ ਸੋਭਾ ਯਾਤਰਾ ਕੱਢ ਕੇ ਸਮੱਸਿਆਵਾਂ ਪੈਦਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੀ ਸਥਿਤੀ ਪੈਦਾ ਕਰ ਰਹੀ ਹੈ ਜਿਸ ਵਿੱਚ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਜਾ ਸਕਦੀ ਹੈ। ਮਜ਼ੂਮਦਾਰ ਨੇ ਦਾਅਵਾ ਕੀਤਾ ਕਿ ਸੋਭਾ ਯਾਤਰਾ ਵਿੱਚ ਸ਼ਾਮਲ ਲੋਕ ਹਥਿਆਰ ਲੈ ਕੇ ਆਏ ਸਨ, ਜਿਸ ਕਾਰਨ ਲੋਕਾਂ ਵਿੱਚ ਡਰ ਫੈਲ ਗਿਆ।

9. ਪੱਛਮੀ ਬੰਗਾਲ ਦੇ ਮੰਤਰੀ ਸ਼ਸ਼ੀ ਪੰਜਾ ਨੇ ਕਿਹਾ ਕਿ ਜਦੋਂ ਵੀ ਭਾਜਪਾ ਰੈਲੀ ਕਰਦੀ ਹੈ ਤਾਂ ਹਿੰਸਾ ਅਤੇ ਅੱਗਜ਼ਨੀ ਹੁੰਦੀ ਹੈ। ਅੱਜ ਦਲੀਪ ਘੋਸ਼ ਦੀ ਅਗਵਾਈ ਵਾਲੀ ਭਾਜਪਾ ਦੀ ਰੈਲੀ ਦੌਰਾਨ ਵੀ ਅਜਿਹਾ ਹੀ ਹੋਇਆ। ਇਹ ਉਨ੍ਹਾਂ ਦੀ ਪਰੰਪਰਾ ਬਣ ਗਈ ਹੈ। ਇਹ ਸਾਰੀ ਘਟਨਾ ਦਿਲੀਪ ਘੋਸ਼ ਵੱਲੋਂ ਪਹਿਲਾਂ ਤੋਂ ਹੀ ਘੜੀ ਗਈ ਸੀ। ਸਾਡੀ ਪਾਰਟੀ ਭਾਜਪਾ ਦੀ ਇਸ ਹਰਕਤ ਦੀ ਸਖ਼ਤ ਨਿਖੇਧੀ ਕਰਦੀ ਹੈ। ਭਾਜਪਾ ਦੇ ਰਾਜ ਵਿੱਚ ਫਿਰਕੂ ਦੰਗੇ ਵਧੇ ਹਨ।

10. ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਕਿ ਹੁਗਲੀ ਵਿੱਚ ਵਾਪਰੀ ਘਟਨਾ ਭਾਜਪਾ ਦੁਆਰਾ ਪਹਿਲਾਂ ਤੋਂ ਯੋਜਨਾਬੱਧ ਸੀ। ਇਹ ਲੋਕ ਰਾਮ ਨੌਮੀ ਦੇ ਨਾਂ 'ਤੇ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ। ਭਾਜਪਾ ਦੇਖ ਰਹੀ ਹੈ ਕਿ ਕੌਣ ਜ਼ਿਆਦਾ ਹੰਗਾਮਾ ਕਰ ਸਕਦਾ ਹੈ, ਦਿਲੀਪ ਘੋਸ਼ ਜਾਂ ਸੁਕਾਂਤ ਮਜ਼ੂਮਦਾਰ।