ਨਵੀਂ ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧ ਜਾਣਗੀਆਂ। ਜਿਹਨਾਂ 6 ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਸਨੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ ਉਹਨਾਂ ਵਿਚੋਂ 4 ਮਹਿਲਾ ਰੈਸਲਰਾਂ ਨੇ ਦਿੱਲੀ ਪੁਲਿਸ ਨੂੰ ਵੱਡੇ ਸਬੂਤ ਦਿੱਤੇ ਹਨ। ਇਹ ਸਬੂਤ ਪੁਲਿਸ ਕੇਸ ਨੂੰ ਹੋਰ ਮਜ਼ਬੂਤ ਬਣਾਉਣਗੇ। ਦਿੱਲੀ ਪੁਲਿਸ ਨੇ 15 ਜੂਨ ਤੋਂ ਪਹਿਲਾਂ ਪਹਿਲਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਚਾਰਜਸ਼ੀਟ ਫਾਇਲ ਕਰਨੀ ਹੈ ਤਾਂ ਅਜਿਹੇ ਵਿੱਚ 4 ਮਹਿਲਾ ਪਹਿਲਵਾਨਾਂ ਵੱਲੋਂ ਜੋ ਆਡੀਓ ਤੇ ਵੀਡੀਓ ਸਬੂਤ ਦਿੱਤੇ ਹਨ ਉਹ ਅਹਿਮ ਭੂਮਿਕਾ ਨਿਭਾਉਣਗੇ। ਦਿੱਲੀ ਪੁਲਿਸ ਹੁਣ ਤੱਕ 200 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਜਿਹਨਾਂ ਵਿੱਚ ਸ਼ਿਕਾਇਤਕਰਤਾ ਪਹਿਲਵਾਨ, ਕੋਚ, ਰੈਫਰੀ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਨਜਦੀਕੀ ਵੀ ਸ਼ਾਮਲ ਹਨ। 



5 ਦੇਸ਼ਾਂ ਤੋਂ ਵੀ ਮੰਗੇ ਸਬੂਤ


ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਪੰਜ ਦੇਸ਼ਾਂ ਦੇ ਕੁਸ਼ਤੀ ਫੈਡਰੇਸ਼ਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਰਾਹੀਂ ਦਿੱਲੀ ਪੁਲਿਸ ਨੇ ਕੁਸ਼ਤੀ ਸੰਘਾਂ ਤੋਂ ਸੀਸੀਟੀਵੀ ਫੁਟੇਜ ਅਤੇ ਹੋਰ ਜਾਣਕਾਰੀ ਮੰਗੀ ਹੈ। ਦਿੱਲੀ ਪੁਲਿਸ ਇਨ੍ਹਾਂ ਸੀਸੀਟੀਵੀ ਫੁਟੇਜ ਅਤੇ ਜਾਣਕਾਰੀ ਦਾ ਇਸਤੇਮਾਲ ਪਹਿਲਵਾਨਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਵਿੱਚ ਕਰੇਗੀ।  ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੀ ਐਫਆਈਆਰ ਵਿੱਚ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਇੰਡੋਨੇਸ਼ੀਆ, ਬੁਲਗਾਰੀਆ, ਕਿਰਗਿਸਤਾਨ, ਮੰਗੋਲੀਆ ਅਤੇ ਕਜ਼ਾਕਿਸਤਾਨ ਵਿੱਚ ਪ੍ਰੇਸ਼ਾਨ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਇਹਨਾਂ 5 ਦੇਸ਼ਾਂ ਤੋਂ ਫੁਟੇਜ ਮੰਗੀ ਹੈ।



WFI ਦੀਆਂ ਚੋਣਾਂ ਦਾ ਐਲਾਨ 


ਭਾਰਤੀ ਓਲੰਪਿਕ ਸੰਘ 6 ਜੁਲਾਈ ਨੂੰ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (WFI ) ਦੀਆਂ ਚੋਣਾਂ ਕਰਵਾਏਗਾ। ਚੋਣਾਂ ਦੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ। ਮੰਗਲਵਾਰ (13 ਜੂਨ) ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ, ਰਿਟਰਨਿੰਗ ਅਫਸਰ ਨੇ ਘੋਸ਼ਣਾ ਕੀਤੀ ਕਿ WFI ਚੋਣਾਂ 6 ਜੁਲਾਈ ਨੂੰ ਹੋਣਗੀਆਂ। ਦੇਸ਼ ਦੇ ਨਾਮੀ ਪਹਿਲਵਾਨ ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਭਾਰਤੀ ਓਲੰਪਿਕ ਸੰਘ (IOA) ਨੇ ਚੋਣ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰਿਟਰਨਿੰਗ ਅਧਿਕਾਰੀ ਵਜੋਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਮਹੇਸ਼ ਮਿੱਤਲ ਕੁਮਾਰ ਨੂੰ ਨਿਯੁਕਤ ਕੀਤੇ ਜਾਣ ਤੋਂ ਇਕ ਦਿਨ ਬਾਅਦ ਚੋਣ ਦਾ ਐਲਾਨ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਐਲਾਨੇ ਜਾਣਗੇ।