WFI Elections 2023: ਬੀਜੇਪੀ ਸੰਸਦ ਬ੍ਰਿਜ ਭੂਸ਼ਣ ਸਿੰਘ ਦੇ ਕਰੀਬੀ ਸੰਜੇ ਸਿੰਘ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦਾ ਪ੍ਰਧਾਨ ਚੁਣਿਆ ਗਿਆ ਹੈ। ਸੰਜੇ ਸਿੰਘ 2008 ਵਿੱਚ ਵਾਰਾਣਸੀ ਰੈਸਲਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ। ਜਦੋਂ 2009 ਵਿੱਚ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਦਾ ਗਠਨ ਹੋਇਆ ਤਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਸੂਬਾ ਪ੍ਰਧਾਨ ਅਤੇ ਸੰਜੇ ਸਿੰਘ ਮੀਤ ਪ੍ਰਧਾਨ ਬਣੇ।


ਸੰਜੇ ਸਿੰਘ ਦੀ ਵਿਰੋਧੀ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਨੀਤਾ ਸ਼ਿਓਰਨ ਸੀ। ਸ਼ਿਓਰਨ ਨੂੰ ਉਨ੍ਹਾਂ ਪਹਿਲਵਾਨਾਂ ਦਾ ਸਮਰਥਨ ਪ੍ਰਾਪਤ ਸੀ ਜਿਨ੍ਹਾਂ ਨੇ ਬ੍ਰਿਜ ਭੂਸ਼ਣ ਸਿੰਘ 'ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ, ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਕਈ ਚੋਟੀ ਦੇ ਪਹਿਲਵਾਨਾਂ ਨੇ ਜੰਤਰ-ਮੰਤਰ 'ਤੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਪ੍ਰਦਰਸ਼ਨ ਕੀਤਾ ਸੀ।


ਬ੍ਰਿਜ ਭੂਸ਼ਨ ਸਿੰਘ ਦੇ ਜਵਾਈ ਵਿਸ਼ਾਲ ਸਿੰਘ ਨੇ ਨਤੀਜੇ ਤੋਂ ਬਾਅਦ ਕਿਹਾ ਕਿ ਸਾਡਾ ਪੂਰਾ ਪੈਨਲ ਜਿੱਤ ਗਿਆ ਹੈ। ਸਾਰਿਆਂ ਨੇ ਚੰਗੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ।


ਕੀ ਕਿਹਾ ਸੰਜੇ ਸਿੰਘ ਨੇ?


ਚੋਣ ਜਿੱਤਣ ਤੋਂ ਬਾਅਦ ਸੰਜੇ ਸਿੰਘ ਨੇ ਕਿਹਾ ਕਿ ਹੁਣ ਰਾਸ਼ਟਰੀ ਕੈਂਪ (ਕੁਸ਼ਤੀ ਲਈ) ਲਗਾਏ ਜਾਣਗੇ। ਜੋ ਪਹਿਲਵਾਨ ਰਾਜਨੀਤੀ ਕਰਨਾ ਚਾਹੁੰਦੇ ਹਨ ਉਹ ਰਾਜਨੀਤੀ ਕਰ ਸਕਦੇ ਹਨ, ਜੋ ਪਹਿਲਵਾਨੀ ਕਰਨਾ ਚਾਹੁੰਦੇ ਹਨ ਉਹ ਪਹਿਲਵਾਨੀ ਕਰਨਗੇ।


ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕੀ ਕਿਹਾ?


ਸੰਜੇ ਸਿੰਘ ਦੀ ਜਿੱਤ 'ਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਘਰ 'ਤੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਅੱਜ ਸਵੇਰੇ ਹੀ ਸੰਜੇ ਸਿੰਘ ਦੀ ਜਿੱਤ ਦਾ ਭਰੋਸਾ ਪ੍ਰਗਟਾਉਂਦਿਆਂ ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਸੀ, ''11 ਮਹੀਨਿਆਂ ਬਾਅਦ ਚੋਣਾਂ ਹੋ ਰਹੀਆਂ ਹਨ। ਜਿੱਥੋਂ ਤੱਕ ਸੰਜੇ ਦਾ ਸਬੰਧ ਹੈ, ਉਸ ਨੂੰ ਪੁਰਾਣੇ ਫੈਡਰੇਸ਼ਨ ਦਾ ਪ੍ਰਤੀਨਿਧੀ ਮੰਨਿਆ ਜਾ ਸਕਦਾ ਹੈ। ਸੰਜੇ ਸਿੰਘ ਦੀ ਚੋਣ ਜਿੱਤਣੀ ਯਕੀਨੀ ਹੈ।


ਜ਼ਿਕਰ ਕਰ ਦਈਏ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ 'ਤੇ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ, ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਕਈ ਚੋਟੀ ਦੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨਕਾਰੀ ਖਿਡਾਰੀਆਂ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਸੀ।