ਨਵੀਂ ਦਿੱਲੀ: ਬਾਲੀਵੁੱਡ ਫ਼ਿਲਮ 'ਪਦਮਾਵਤ' ਦੇ ਵਿਰੋਧ ਨੂੰ ਲੈ ਕੇ ਚਰਚਾ ਵਿੱਚ ਆਈ ਕਰਨੀ ਸੈਨਾ ਦੀ ਕਹਾਣੀ ਬੇਹੱਦ ਦਿਲਚਸਪ ਹੈ। ਸਾਲ 2006 ਵਿੱਚ ਕੁਝ ਬੇਰੁਜ਼ਗਾਰ ਰਾਜਪੂਤ ਮੁੰਡਿਆਂ ਨੇ ਕਰਣੀ ਸੈਨਾ ਬਣਾਈ ਸੀ ਜਿਹੜੀ ਹੁਣ ਇਸ ਭਾਈਚਾਰੇ ਦੀ ਮੋਹਰੀ ਜਥੇਬੰਦੀ ਬਣ ਗਈ ਹੈ। ਇਹ ਜਥੇਬੰਦੀ ਵੀ ਹੁਣ ਕਈ ਹਿੱਸਿਆਂ ਵਿੱਚ ਵੰਡੀ ਗਈ ਹੈ। ਇਸ ਵਿੱਚ ਲੋਕੇਂਦਰ ਸਿੰਘ ਕਲਵੀ ਦੀ ਪ੍ਰਧਾਨਗੀ ਵਾਲੀ ਸ੍ਰੀ ਰਾਜਪੂਤ ਕਰਨੀ ਸੈਨਾ ਹੈ। ਇਸ ਤੋਂ ਇਲਾਵਾ ਅਜੀਤ ਸਿੰਘ ਮਮਦੋਲੀ ਦੀ ਪ੍ਰਧਾਨਗੀ ਵਾਲੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਹੈ। ਸੁਖਦੇਵ ਸਿੰਘ ਗੋਗਾਮੇਦੀ ਵਾਲੀ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਹੈ। ਇਨ੍ਹਾਂ ਜਥੇਬੰਦੀਆਂ ਨੇ ਸ਼ੁਰੂ ਵਿੱਚ ਰਾਜਪੂਤਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਪਰ ਬਾਅਦ ਵਿੱਚ ਇਹ ਜਥੇਬੰਦੀ ਫ਼ਿਲਮ 'ਪਦਮਾਵਤ' ਦੇ ਵਿਰੋਧ ਵਿੱਚ ਸਭ ਤੋਂ ਜ਼ਿਆਦਾ ਸਾਹਮਣੇ ਆਏ। ਰਾਜਸਥਾਨ ਦੇ ਸ਼ੇਖਾਵਤੀ ਇਲਾਕੇ ਦੇ ਵਿਦਿਆਰਥੀ ਇਸ ਜਥੇਬੰਦੀ ਦੇ ਕੱਟੜ ਸਮਰਥਕ ਹਨ। ਫ਼ਿਲਮ 'ਪਦਮਾਵਤ' ਦੇ ਵਿਰੋਧ ਵਿੱਚ ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ। ਇਨ੍ਹਾਂ ਦੇ ਲੀਡਰਾਂ ਦੀ ਰਾਜਨੀਤੀ ਕਰਕੇ ਇਨ੍ਹਾਂ ਵਿੱਚ ਕਈ ਮਤਭੇਦ ਵੀ ਹਨ। ਇਹ ਸਾਰੇ ਰਾਜਪੂਤ ਨੌਜਵਾਨਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ੍ਰੀ ਰਾਜਪੂਤ ਕਰਨੀ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨਾਰਾਇਣ ਸਿੰਘ ਦਿਵਰਾਲਾ ਕਹਿੰਦੇ ਹਨ ਕਿ ਕਲਵੀ ਸਾਲ 2008 ਵਿੱਚ ਕਾਂਗਰਸ ਨਾਲ ਜੁੜੇ ਹੋਏ ਹਨ। ਮਮਦੋਲੀ ਚਾਹੁੰਦੇ ਸੀ ਕਿ ਕਲਵੀ ਉਨ੍ਹਾਂ ਲਈ ਕਾਂਗਰਸ ਦਾ ਟਿਕਟ ਲੈਣ ਤੇ ਇਸ ਕਾਰਨ ਦੋਵੇਂ ਅਲੱਗ ਹੋ ਗਏ। ਇਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਦੇ ਦੋ ਲੱਖ ਮੈਂਬਰ ਹਨ। ਜਨਵਰੀ 2017 ਵਿੱਚ ਜਦ ਸ੍ਰੀ ਰਾਜਪੂਤ ਕਰਨੀ ਸੈਨਾ ਦੇ ਕੁਝ ਮੈਂਬਰਾਂ ਨੇ 'ਪਦਮਾਵਤ' ਦੀ ਸ਼ੂਟਿੰਗ ਦੌਰਾਨ ਫ਼ਿਲਮਕਾਰ ਸੰਜੇ ਲੀਲਾ ਭੰਸਾਲੀ ਨਾਲ ਕੁੱਟਮਾਰ ਕੀਤੀ ਸੀ ਤਾਂ ਕਰਨੀ ਸੈਨਾ ਦੇ ਸਾਰੇ ਗੁੱਟ ਇਕੱਠੇ ਹੋ ਗਏ ਸੀ। ਸਾਲ 2017 ਵਿੱਚ ਰਾਜਸਥਾਨ ਪੁਲਿਸ ਨੇ ਜਦ ਗੈਂਗਸਟਰ ਆਨੰਦਪਾਲ ਸਿੰਘ ਨੂੰ ਮਾਰ ਸੁੱਟਿਆ ਤਾਂ ਇਨ੍ਹਾਂ ਨੇ ਉਸ ਦੀ ਯਾਦ ਵਿੱਚ ਸ਼ਰਧਾਂਜਲੀ ਪ੍ਰੋਗਰਾਮ ਰੱਖਿਆ ਸੀ।