Lawrence Bishnoi: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਤਾਰ ਗੁਜਰਾਤ ਵਿੱਚ ਫੜੀ 200 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀ ਹੈਰੋਇਨ ਨਾਲ ਜੁੜਦੇ ਨਜ਼ਰ ਆ ਰਹੇ ਹਨ। ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰ ਰਹੀ ਹੈ। 


ਹਾਸਲ ਜਾਣਕਾਰੀ ਮੁਤਾਬਕ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੂੰ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਦੇ ਇੱਕ ਮਾਮਲੇ ਵਿੱਚ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਿਰਾਸਤ ਮਿਲ ਗਈ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਦਿੱਲੀ ਦੀ ਇੱਕ ਅਦਾਲਤ ਨੇ ਬੀਤੇ ਦਿਨ ਗੁਜਰਾਤ ਅਤਿਵਾਦ ਵਿਰੋਧੀ ਦਸਤੇ ਨੂੰ ਤਿਹਾੜ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਸੀ। 


ਏਟੀਐਸ ਗੈਂਗਸਟਰ ਤੋਂ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਗੁਜਰਾਤ ਤੱਟ ’ਤੇ ਅਰਬ ਸਾਗਰ ’ਚ ਪਾਕਿਸਤਾਨ ਦੀ ਇਕ ਮੱਛੀ ਫੜਨ ਵਾਲੀ ਕਿਸ਼ਤੀ ’ਚੋਂ 200 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀ 40 ਕਿੱਲੋ ਹੈਰੋਇਨ ਜ਼ਬਤ ਕੀਤੇ ਜਾਣ ਦੇ ਮਾਮਲੇ ’ਚ ਉਸ ਦੀ ਭੂਮਿਕਾ ਬਾਰੇ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ। ਏਟੀਐੱਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸਾਨੂੰ ਬਿਸ਼ਨੋਈ ਦੀ ਹਿਰਾਸਤ ਮਿਲ ਗਈ ਹੈ ਤੇ ਸਾਡੀਆਂ ਟੀਮਾਂ ਗੁਜਰਾਤ ਪਹੁੰਚ ਰਹੀਆਂ ਹਨ। ਉਸ ਨੂੰ ਅੱਜ ਸ਼ਾਮ ਨੂੰ ਕੱਛ ਜ਼ਿਲ੍ਹੇ ਦੀ ਇਕ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।’’


ਬਿਸ਼ਨੋਈ ਪਿਛਲੇ 12 ਸਾਲਾਂ 'ਚ 36 ਮਾਮਲਿਆਂ 'ਚ ਸ਼ਾਮਲ ਹੈ। ਉਸ ਖ਼ਿਲਾਫ਼ ਪੰਜਾਬ, ਗੁਜਰਾਤ, ਚੰਡੀਗੜ੍ਹ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ 36 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 21 ਕੇਸਾਂ ਵਿੱਚ ਜਾਂਚ ਚੱਲ ਰਹੀ ਹੈ ਅਤੇ 9 ਵਿੱਚ ਉਹ ਬਰੀ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਚਾਰ ਕੇਸ ਇਕੱਲੇ ਰਾਜਸਥਾਨ ਦੇ ਹਨ। 10 ਸਤੰਬਰ, 2021 ਨੂੰ, ਜੈਪੁਰ ਪੁਲਿਸ ਨੇ ਬਿਸ਼ਨੋਈ ਵਿਰੁੱਧ ਫਿਰੌਤੀ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਸੀ।


ਮੂਸੇਵਾਲਾ ਦੇ ਕਤਲ ਦਾ ਮੁੱਖ ਦੋਸ਼ੀ 


ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਮੁਲਜ਼ਮ ਹੈ। ਬਿਸ਼ਨੋਈ ਨੇ ਅਪ੍ਰੈਲ 2010 'ਚ ਅਪਰਾਧ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਸੀ। ਇਕੱਲੇ ਪੰਜਾਬ ਵਿਚ ਬਿਸ਼ਨੋਈ ਵਿਰੁੱਧ 17 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਉਸ ਦੇ ਗ੍ਰਹਿ ਜ਼ਿਲ੍ਹੇ ਫਾਜ਼ਿਲਕਾ ਵਿੱਚ ਛੇ, ਮੁਹਾਲੀ ਵਿੱਚ ਸੱਤ, ਫਰੀਦਕੋਟ ਵਿੱਚ ਦੋ ਅਤੇ ਅੰਮ੍ਰਿਤਸਰ ਅਤੇ ਮੁਕਤਸਰ ਵਿੱਚ ਇੱਕ-ਇੱਕ ਕੇਸ ਹੈ।