Who is Khalistani Ranjeet Singh Neeta: ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਦੋ ਦਿਨ ਪਹਿਲਾਂ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਐਨਕਾਊਂਟਰ ਨੇ ਖਾਲਿਸਤਾਨ ਲਹਿਰ ਦੀ ਯਾਦ ਮੁੜ ਤਾਜ਼ਾ ਕਰਵਾ ਦਿੱਤੀ ਹੈ। ਉਂਝ, ਇਸ ਐਨਕਾਉਂਟਰ ਤੋਂ ਪਹਿਲਾਂ ਪੰਜਾਬ ਵਿੱਚ ਕਈ ਥਾਵਾਂ ਉਪਰ ਲਗਾਤਾਰ ਗ੍ਰਨੇਡ ਹਮਲੇ ਹੋਏ ਸਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਵੱਲੋਂ ਲਈ ਗਈ। ਹਮਲਿਆਂ ਵਿੱਚ ਨਿਸ਼ਾਨਾ ਵੀ ਪੁਲਿਸ ਥਾਣਿਆਂ ਨੂੰ ਬਣਾਇਆ ਗਿਆ। ਇਸ ਮਗਰੋਂ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਐਕਸ਼ਨ ਮੋਡ ਵਿੱਚ ਹਨ।


ਕੌਣ ਹੈ ਰਣਜੀਤ ਸਿੰਘ ਨੀਟਾ


ਇਸ ਸਭ ਕਾਸੇ ਦੌਰਾਨ ਰਣਜੀਤ ਸਿੰਘ ਨੀਟਾ ਦਾ ਨਾਂ ਸੁਰਖੀਆਂ ਵਿੱਚ ਹੈ। ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਸਾਰੇ ਹਮਲਿਆਂ ਪਿੱਛੇ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦਾ ਹੱਥ ਹੈ ਤੇ ਰਣਜੀਤ ਸਿੰਘ ਨੀਟਾ ਇਸ ਸੰਗਠਨ ਦਾ ਮੁਖੀ ਹੈ। ਏਜੰਸੀਆਂ ਮੁਤਾਬਕ ਨੀਟਾ ਇਸ ਵੇਲੇ ਪਾਕਿਸਤਾਨ 'ਚ ਬੈਠਾ ਹੈ। ਨੀਟਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਨਿਰਦੇਸ਼ਾਂ 'ਤੇ ਕੰਮ ਕਰਦਾ ਹੈ। 



ਰਣਜੀਤ ਸਿੰਘ ਨੀਟਾ ਮੂਲ ਰੂਪ ਵਿੱਚ ਜੰਮੂ ਦਾ ਰਹਿਣ ਵਾਲਾ ਹੈ। ਉਹ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਮਿਲ ਕੇ ਧਮਾਕੇ ਵੀ ਕਰ ਚੁੱਕਾ ਹੈ। ਉਹ ਭਾਰਤ ਦੇ ਟਾਪ-20 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸ ਦੀ ਉਮਰ ਹੁਣ 85 ਸਾਲ ਹੈ। ਏਜੰਸੀਆਂ ਮੁਤਾਬਕ ਉਸ ਨੇ ਹੀ ਪਹਿਲਾਂ ਪੰਜਾਬ 'ਚ ਪਹਿਲਾਂ ਸ਼ਿਵ ਸੈਨਾ ਦੇ ਆਗੂਆਂ ਦੇ ਘਰਾਂ 'ਤੇ ਪੈਟਰੋਲ ਬੰਬ ਸੁੱਟਵਾਏ ਤੇ ਹੁਣ ਪੁਲਿਸ ਥਾਣਿਆਂ ਤੇ ਚੌਕੀਆਂ 'ਤੇ ਹਮਲੇ ਕਰਵਾਏ। ਕਰੋਨਾ ਦੌਰਾਨ ਉਸ ਦੀ ਮੌਤ ਦੀ ਅਫਵਾਹ ਵੀ ਫੈਲੀ ਸੀ ਪਰ ਹੁਣ ਉਹ ਮੁੜ ਐਕਟਿਵ ਹੋ ਗਿਆ ਹੈ।



ਪੁਲਿਸ ਸੂਤਰਾਂ ਮੁਤਾਬਕ ਰਣਜੀਤ ਨੀਟਾ ਮੂਲ ਰੂਪ ਤੋਂ ਜੰਮੂ ਦਾ ਰਹਿਣ ਵਾਲਾ ਹੈ। ਨੀਟਾ ਸਾਂਬਾ ਤੇ ਆਰਐਸ ਪੁਰਾ ਵਿੱਚ ਛੋਟੀਆਂ-ਮੋਟੀਆਂ ਵਾਰਦਾਤਾਂ ਕਰਦਾ ਸੀ। ਇਸ ਦੌਰਾਨ ਉਹ ਪਾਕਿਸਤਾਨ ਤੋਂ ਆਏ ਸਮੱਗਲਰਾਂ ਦੇ ਸੰਪਰਕ ਵਿੱਚ ਆਇਆ। ਪਾਕਿਸਤਾਨੀ ਤਸਕਰਾਂ ਨੇ ਨੀਟਾ ਦੇ ਆਈਐਸਆਈ ਨਾਲ ਸਬੰਧਾਂ ਵਿੱਚ ਭੂਮਿਕਾ ਨਿਭਾਈ। ਆਈਐਸਆਈ ਨੂੰ ਮਿਲਣ ਤੋਂ ਬਾਅਦ ਨੀਟਾ ਜੰਮੂ-ਕਸ਼ਮੀਰ ਸਰਹੱਦ ਤੋਂ ਕਈ ਵਾਰ ਪਾਕਿਸਤਾਨ ਗਿਆ। ਪਾਕਿਸਤਾਨ ਵਿੱਚ ਆਈਐਸਆਈ ਨੇ ਨੀਟਾ ਨੂੰ ਭੀੜ ਵਾਲੇ ਇਲਾਕਿਆਂ ਵਿੱਚ ਬੰਬ ਧਮਾਕੇ ਕਰਨ ਤੇ ਹੱਥਗੋਲੇ ਸੁੱਟਣ ਦੀ ਸਿਖਲਾਈ ਦਿੱਤੀ। ਨੀਟਾ ਨੇ ਜੰਮੂ-ਕਸ਼ਮੀਰ ਘਾਟੀ 'ਚ ਸਰਗਰਮ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਮਿਲ ਕੇ ਜੰਮੂ 'ਚ ਕਈ ਧਮਾਕੇ ਕਰਵਾਏ।



ਖੁਫੀਆ ਏਜੰਸੀਆਂ ਦੀਾਂ ਰਿਪੋਰਟਾਂ ਮੁਤਾਬਕ 1986 'ਚ ਸ਼੍ਰੀ ਹਰਿਮੰਦਰ ਸਾਹਿਬ 'ਚ ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਨੀਟਾ ਨੇ ਪੂਰੀ ਤਰ੍ਹਾਂ ਨਾਲ ISI ਦੀਆਂ ਹਦਾਇਤਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਹਮਾਇਤੀਆਂ ਰਾਹੀਂ ਪੰਜਾਬ ਵਿੱਚ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ। ਡ੍ਰੋਨਾਂ ਰਾਹੀਂ ਪੰਜਾਬ ਨੂੰ ਹਥਿਆਰ ਤੇ ਵਿਸਫੋਟਕ ਸਮੱਗਰੀ ਭੇਜਣੀ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕਿ ਉਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਤੇ ਪਾਕਿਸਤਾਨ ਦੀਆਂ ਕੱਟੜਪੰਥੀ ਜਥੇਬੰਦੀਆਂ ਤੇ ਖਾਲਿਸਤਾਨੀਆਂ ਦਰਮਿਆਨ ਸਬੰਧਾਂ ਨੂੰ ਖੁੱਲ੍ਹ ਕੇ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ।


ਮੰਨਿਆ ਜਾਂਦਾ ਹੈ ਕਿ 2005 ਵਿੱਚ ਯੂਰਪੀਅਨ ਯੂਨੀਅਨ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਤਾਂ ਰਣਜੀਤ ਨੀਟਾ ਪ੍ਰੇਸ਼ਾਨ ਹੋ ਗਿਆ। ਹੁਣ ਉਹ ਦੂਜੇ ਦੇਸ਼ਾਂ ਤੋਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਨਹੀਂ ਦੇ ਸਕਦਾ ਸੀ। ਇਸ ਲਈ ਉਸ ਨੇ ਆਈਐਸਆਈ ਦੀ ਮਦਦ ਨਾਲ ਪਾਕਿਸਤਾਨ ਵਿੱਚ ਸ਼ਰਨ ਲਈ। ਉਦੋਂ ਤੋਂ ਉਹ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ।


ਦੱਸ ਦਈਏ ਕਿ ਭਾਰਤ ਸਰਕਾਰ ਨੇ ਸਾਲ 2008 'ਚ ਟਾਪ-20 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਪਾਕਿਸਤਾਨ ਨੂੰ ਭੇਜੀ ਸੀ। ਇਸ ਵਿੱਚ ਰਣਜੀਤ ਸਿੰਘ ਨੀਟਾ ਦਾ ਨਾਂ ਵੀ ਸ਼ਾਮਲ ਸੀ। ਇਸ 'ਚ ਨੀਟਾ 'ਤੇ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਾਮਲਿਆਂ ਦਾ ਹਵਾਲਾ ਦਿੱਤਾ ਗਿਆ ਸੀ। 2019 ਵਿੱਚ, ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਨੀਟਾ ਵਿਰੁੱਧ ਜੇਲ੍ਹ ਵਿੱਚ ਬੈਠੇ ਅਪਰਾਧੀਆਂ ਦੀ ਮਦਦ ਨਾਲ ਪਾਕਿਸਤਾਨ ਤੋਂ ਹਥਿਆਰ ਤੇ ਜਾਅਲੀ ਕਰੰਸੀ ਮੰਗਵਾਉਣ ਦਾ ਮਾਮਲਾ ਦਰਜ ਕੀਤਾ ਸੀ।


ਪੰਜਾਬ ਦੀਆਂ ਖੁਫੀਆ ਏਜੰਸੀਆਂ ਅਨੁਸਾਰ ਰਣਜੀਤ ਸਿੰਘ ਨੀਟਾ ਕੁਝ ਸਾਲ ਅਚਾਨਕ ਗਾਇਬ ਹੋ ਗਿਆ ਸੀ। ਜਦੋਂ ਗੁਪਤ ਤਰੀਕੇ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਪਾਕਿਸਤਾਨ ਵਿੱਚ ਬਿਮਾਰ ਪਿਆ ਸੀ। ਉਹ ਕਰੀਬ 16 ਸਾਲ ਸ਼ਾਂਤ ਰਿਹਾ। ਇਸ ਦੌਰਾਨ ਸਾਲ 2020 ਵਿੱਚ ਕੋਰੋਨਾ ਦੇ ਦੌਰ ਦੌਰਾਨ ਉਸ ਦੀ ਮੌਤ ਦੀ ਅਫਵਾਹ ਵੀ ਫੈਲੀ। ਹਾਲਾਂਕਿ 16 ਅਕਤੂਬਰ 2024 ਨੂੰ ਜਦੋਂ ਉਸ ਨੇ ਲੁਧਿਆਣਾ ਵਿੱਚ ਸ਼ਿਵ ਸੈਨਾ ਦੇ ਨੇਤਾਵਾਂ 'ਤੇ ਹਮਲੇ ਕਰਵਾਏ ਤਾਂ ਮੁੜ ਸੁਰਖੀਆਂ ਵਿੱਚ ਆ ਗਿਆ।


ਖੁਫੀਆਂ ਰਿਪੋਰਟਾਂ ਮੁਤਾਬਕ ਰਣਜੀਤ ਨੀਟਾ ਦੀ ਉਮਰ 85 ਸਾਲ ਹੈ ਤੇ ਉਹ ਬੀਮਾਰ ਵੀ ਹੈ। ਇਸ ਕਾਰਨ ਉਸ ਨੇ ਦੂਜੇ ਦੇਸ਼ਾਂ ਵਿੱਚ ਸਬੰਧ ਬਣਾਏ। ਹੁਣ ਬ੍ਰਿਟੇਨ, ਅਮਰੀਕਾ, ਗ੍ਰੀਸ ਤੇ ਯੂਰਪੀ ਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਉਸ ਦੇ ਇਸ਼ਾਰੇ ਉਪਰ ਐਕਸ਼ਨ ਕਰ ਰਹੇ ਹਨ। ਗ੍ਰੀਸ ਵਿੱਚ ਰਹਿਣ ਵਾਲੇ ਜਸਵਿੰਦਰ ਸਿੰਘ ਮੰਨੂ ਤੇ ਯੂਕੇ ਆਰਮੀ ਵਿੱਚ ਕੰਮ ਕਰਦੇ ਜਗਜੀਤ ਸਿੰਘ ਉਰਫ਼ ਫਤਿਹ ਸਿੰਘ ਬਾਗੀ ਨੇ ਵੀ ਪੰਜਾਬ ਵਿੱਚ ਪੁਲੀਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਵਿੱਚ ਭੂਮਿਕਾ ਨਿਭਾਈ ਹੈ।