Haryana News: ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਬੜੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਸਾਰੀਆਂ ਰਾਜਨੀਤਿਕ ਪਾਰਟੀਆਂ ਪੂਰੇ ਦਮ-ਖਮ ਨਾਲ ਰਣਨੀਤੀ ਤਿਆਰ ਕਰਨ ਵਿੱਚ ਜੁਟੀਆਂ ਹੋਈਆਂ ਹਨ ਪਰ ਹਰਿਆਣਾ ਦੇ ਸਿਆਸੀ ਗਲਿਆਰਿਆਂ ਵਿੱਚ ਅਕਸਰ ਇੱਕ ਸਵਾਲ ਮੰਡਰਾ ਰਿਹਾ ਹੈ ਕਿ ਆਖ਼ਰ ਹੁਣ ਤੱਕ ਹਰਿਆਣਾ ਵਿੱਚ ਕੋਈ ਮਹਿਲਾ ਮੁੱਖ ਮੰਤਰੀ ਕਿਉਂ ਨਹੀਂ ਬਣੀ ਹੈ ਜਦੋਂ ਕਿ ਕਈ ਮਹਿਲਾਵਾਂ ਸਿਆਸਤ ਵਿੱਚ ਚੰਗਾ ਰਸੂਖ ਰੱਖਦੀਆਂ ਹਨ ਉਹ ਵੀ ਵੱਡੇ ਸਿਆਸੀ ਘਰਾਣਿਆਂ ਵਿੱਚੋਂ ਨਿਕਲ ਕੇ ਆਈਆਂ ਹਨ। ਅਜੇ ਤੱਕ ਹਰਿਆਣਾ ਵਿੱਚ ਮਹਿਲਾ ਮੁੱਖਮੰਤਰੀ ਨਾ ਬਣਨ ਨੂੰ ਲੈ ਕੇ ਕਾਂਗਰਸ ਦੀ ਸੀਨੀਅਰ ਨੇਤਾ ਕਿਰਨ ਚੌਧਰੀ ਨੇ ਖ਼ਾਸ ਵਜ੍ਹਾ ਦੱਸੀ ਹੈ।


ਮਹਿਲਾਵਾ ਨੂੰ ਕਰਨਾ ਪੈਂਦਾ ਹੈ ਜ਼ਿਆਦਾ ਸੰਘਰਸ਼


ਦਰਅਸਲ, ਕਾਂਗਰਸ ਨੇਤਾ ਕਿਰਨ ਚੌਧਰੀ ਨੇ ਇੱਕ ਇੰਟਰਵੀਊ ਵਿੱਚ ਕਿਹਾ ਕਿ ਮਹਿਲਾਵਾਂ ਨੂੰ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ ਜੋ ਚੀਜ਼ ਇੱਕ ਮਰਦ ਨੂੰ ਆਸਾਨੀ ਨਾਲ ਮਿਲ ਜਾਂਦੀ ਹੈ ਉਸ ਲਈ ਮਹਿਲਾਵਾਂ ਨੂੰ 10 ਗੁਣਾ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਮਹਿਲਾਵਾਂ ਜਿਗਰਾ ਰੱਖਦੀਆਂ ਹਨ ਤੇ ਲੜਾਈ ਲੜਦੀਆਂ ਹਨ ਤਾਂ ਹੀ ਉਹ ਅੱਗੇ ਪਹੁੰਚਦੀਆਂ ਹਨ। ਕਿਰਨ ਚੌਧਰੀ ਨੇ ਕਿਹਾ ਕਿ ਅਸੀਂ ਵੀ ਸੰਘਰਸ਼ ਨਾਲ ਹੀ ਅੱਗੇ ਵਧੇ ਹਾਂ, ਸਾਨੂੰ ਵੀ ਕੁਝ ਬੈਠੇ-ਬਿਠਾਏ ਨਹੀਂ ਮਿਲਿਆ ਹੈ। ਸੰਘਰਸ਼ ਹਰ ਇੱਕ ਦੇ ਜੀਵਨ ਦਾ ਹਿੱਸਾ ਹੈ ਤੇ ਸੰਘਰਸ਼ ਨਾਲ ਹੀ ਹਰ ਕੋਈ ਅੱਗੇ ਵਧਦਾ ਹੈ ਪਰ ਮੁੱਖ ਮੰਤਰੀ ਬਣਨਾ ਕਿਸਮਤ ਦੀ ਵੀ ਗੱਲ ਹੈ ਜੇ ਕਿਸੇ ਦੀ ਕਿਸਮਤ ਵਿੱਚ ਲਿਖਿਆ ਹੈ ਤਾਂ ਕੋਈ ਬਦਲ ਨਹੀਂ ਸਕਦਾ ਹੈ।


ਲਾਲਚ ਤੇ ਅਹੁਦੇ ਦੀ ਲਾਲਸਾ ਲਈ ਨਹੀਂ ਕੀਤਾ ਕੰਮ


ਕਿਰਨ ਚੌਧਰੀ ਨੇ ਕਿਹਾ ਕਿ ਮੈਂ ਜੋ ਵੀ ਕੰਮ ਕਰਦੀ ਹਾਂ ਉਹ ਮੈਂ ਲਾਲਚ ਜਾਂ ਕਿਸੇ ਅਹੁਦੇ ਦੀ ਲਾਲਸਾ ਵਿੱਚ ਨਹੀਂ ਕਰਦੀ ਹਾਂ, ਮੈਂ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹਾਂ ਕਿਉਂਕਿ ਦੇਸ਼ ਦੀ ਸਥਿਤੀ ਅਜਿਹੀ ਹੈ ਕਿ ਜੇ ਤੁਹਾਡੇ ਹੱਥ ਵਿੱਚ ਤਾਕਤ ਹੋਵੇਗੀ ਤਾਂ ਹੀ ਤੁਸੀਂ ਕੁਝ ਕਰ ਸਕੋਗੇ ਤੇ ਅਸੀਂ ਉਹ ਕਰ ਕੇ ਦਿਖਾਇਆ ਹੈ। ਅਸੀਂ ਔਕਾਤ ਤੋਂ ਵੀ ਜ਼ਿਆਦਾ ਕੰਮ ਕਰ ਕੇ ਦਿਖਾਇਆ ਹੈ। ਹਲਾਤ ਇਹੋ ਜਿਹੇ ਸੀ ਕਿ ਜਦੋਂ ਉਨ੍ਹਾਂ ਦੇ ਪਤੀ ਸੁਰੇਂਦਰ ਚੌਧਰੀ ਦਾ ਦੇਹਾਂਤ ਹੋਇਆ ਤਾਂ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਬੇਟੀ ਸ਼ਰੂਤੀ ਨੂੰ ਹਰਿਆਣਾ ਦੀ ਰਾਜਨੀਤੀ ਵਿੱਚ ਆਉਣਾ ਪਿਆ । ਲੋਕਾਂ ਦੇ ਸਹਿਯੋਗ ਕਾਰਨ ਹੀ ਅਸੀਂ ਖੜ੍ਹੇ ਹੋਏ ਹਾਂ।