ਜੈਪੁਰ: ਰਾਜਸਥਾਨ ਦੇ ਇੱਕ 72 ਸਾਲਾ ਬਜ਼ੁਰਗ ਨੂੰ ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਇੱਕ ਅਣਪਛਾਤੀ ਮਹਿਲਾ ਨਾਲ ਦੋਸਤੀ ਕਰਨੀ ਮਹਿੰਗੀ ਪੈ ਗਈ। ਦਰਅਸਲ ਮਹਿਲਾ ਨੇ ਬਜ਼ੁਰਗ ਨਾਲ ਫੇਸਬੁੱਕ 'ਤੇ ਕਥਿਤ ਤੌਰ 'ਤੇ ਕਰੀਬ 70 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਿਸ ਨੇ ਸ਼ਨੀਵਾਰ ਨੂੰ ਇਸ ਠੱਗੀ ਬਾਰੇ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਸੱਤਿਆਵਰਤ ਸ਼ਰਮਾ ਨਾਂ ਦੇ ਵਿਅਕਤੀ ਨੇ ਸ਼ੁੱਕਰਵਾਰ ਨੂੰ ਉਸ ਨਾਲ ਹੋਈ ਧੋਖਾਧੜੀ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮੁਕਾਬਕ ਮਹਿਲਾ ਨੇ ਆਪਣੇ-ਆਪ ਨੂੰ ਲੰਡਨ ਦੀ ਵਸਨੀਕ ਦੱਸਿਆ। ਉਸ ਨੇ ਫੇਸਬੁੱਕ ਰਾਹੀਂ ਸ਼ਰਮਾ ਨਾਲ ਦੋਸਤੀ ਕੀਤੀ। ਬਾਅਦ ਵਿੱਚ ਦੋਵਾਂ ਦਾ ਵੱਟਸਐਪ ਤੇ ਜੀਮੇਲ 'ਤੇ ਵੀ ਸੰਪਰਕ ਹੋ ਗਿਆ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਕਤ ਮਹਿਲਾ ਨੇ ਬਜ਼ੁਰਗਾਂ ਤੋਂ ਵਪਾਰਕ ਸੌਦੇ ਆਦਿ ਦੇ ਨਾਂ 'ਤੇ ਬਜ਼ੁਰਗ ਤੋਂ ਲਗਪਗ ਇੱਕ ਦਰਜਨ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕਰੀਬ 70 ਲੱਖ ਰੁਪਏ ਜਮ੍ਹਾ ਕਰਵਾਏ।
ਇੰਨੇ ਪੈਸੇ ਲੈਣ ਤੋਂ ਬਾਅਦ ਮਹਿਲਾ ਨੇ ਬਜ਼ੁਰਗ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਪੀੜਤ ਬਜ਼ੁਰਗ ਨਾਲ ਲੰਡਨ ਤੇ ਦੁਬਈ ਦੇ ਫੋਨ ਨੰਬਰਾਂ ਤੋਂ ਗੱਲ ਕੀਤੀ ਗਈ ਸੀ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਭਰੋਸਾ ਹੈ ਕਿ ਇਸ ਕੇਸ ਦਾ ਜਲਦ ਹੀ ਹੱਲ ਹੋ ਜਾਵੇਗਾ।