ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਛਤਪੁਰ 'ਚ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਸਹੂਲਤਾਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ ਜਦੋਂ ਸਰਕਾਰੀ ਹਸਪਤਾਲ ਨੇ ਗਰਭਵਤੀ ਮਹਿਲਾ ਲਈ ਐਂਬੂਲੈਸ ਦੇਣ ਤੋਂ ਇਨਕਾਰ ਕਰ ਦਿੱਤਾ। ਹਸਪਤਾਲ ਦੀ ਇਸ ਹਰਕਤ ਤੋਂ ਬਾਅਦ ਦਰਦ ਨਾਲ ਪੀੜਤ ਔਰਤ ਨੂੰ ਬੱਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਮਹਿਲਾ ਨੇ ਬੱਚੇ ਨੂੰ ਬੱਸ 'ਚ ਹੀ ਜਨਮ ਦਿੱਤਾ।


ਜਾਣਕਾਰੀ ਮੁਤਾਬਕ ਗਰਭਵਤੀ ਔਰਤ ਆਪਣੇ ਪਤੀ ਨਾਲ ਰਾਜਨਗਰ ਸਰਕਾਰੀ ਹਸਪਤਾਲ ਗਈ ਸੀ ਜਿੱਥੇ ਉਸ ਨੂੰ ਖੂਨ ਦੀ ਕਮੀ ਹੋਣ ਕਾਰਨ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਪ੍ਰਸੂਤਾ ਦੇ ਪਤੀ ਨੇ ਹਸਪਤਾਲ ਤੋਂ ਐਂਬੂਲੈਸ ਦੀ ਮੰਗ ਕੀਤੀ ਤਾਂ ਹਸਪਤਾਲ ਵੱਲੋਂ ਕੋਰੀ ਨਾਂਹ ਸੁਣਨ ਤੋਂ ਬਾਅਦ ਉਸ ਨੂੰ ਆਪਣੀ ਪਤਨੀ ਨੂੰ ਜਨਤਕ ਬੱਸ ਰਾਹੀਂ ਲੈ ਕੇ ਜਾਣਾ ਪਿਆ। ਇਸ ਦੌਰਾਨ ਰਾਹ 'ਚ ਹੀ ਪ੍ਰਸੂਤਾ ਦੀ ਡਿਲਿਵਰੀ ਹੋ ਗਈ।


ਬੱਸ ਸਟਾਫ ਨੇ ਸਮਝਦਾਰੀ ਵਰਤਦਿਆਂ ਸਿੱਧੀ ਬੱਸ ਹਸਪਤਾਲ ਪਹੁੰਚਾਈ ਤੇ ਮਹਿਲਾ ਨੂੰ ਦਾਖਲ ਕਰਵਾਇਆ। ਫਿਲਹਾਲ ਮਾਂ ਤੇ ਬੱਚੇ ਦੀ ਹਾਲਤ ਠੀਕ ਹੈ। ਇਸ ਘਟਨਾ ਸਬੰਧੀ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।