ਕਰਨਾਲ: ਕੁਰੂਕੁਸ਼ੇਤਰ ਦੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਬੀਜੇਪੀ ਟਿਕਟ ’ਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਉਹ ਅਗਸਤ ਵਿੱਚ ਆਪਣੀ ਪਾਰਟੀ ਬਣਾਉਣਗੇ। ਉਹ ਵੀਰਵਾਰ ਨੂੰ ਆਪਣੇ ਸਮਰਥਕਾਂ ਦੀ ਮੀਟਿੰਗ ਕਰਾਉਣ ਤੇ ਉਨ੍ਹਾਂ ਵਿਚਾਲੇ ਮਤਭੇਦ ਖ਼ਤਮ ਕਰਾਉਣ ਲਈ ਇੱਥੇ ਪੁੱਜੇ ਸਨ। ਕਰਨਾਲ ਵਿੱਚ ਪਿਛਲੇ ਹਫ਼ਤੇ ਹੋਈ ਰੈਲੀ ਵਿੱਚ ਬੀਜੇਪੀ ਦੇ ਸੰਸਦ ਮੈਂਬਰਾਂ ਦੇ ਸਪੋਰਟਰਾਂ ਵਿਚਾਲੇ ਫੁੱਟ ਪੈਂਦੀ ਨਜ਼ਰ ਆਈ ਸੀ। ਉਨ੍ਹਾਂ ਕਿਹਾ ਕਿ ਉਹ ਇੱਥੇ ਬੀਜੇਪੀ ਸੰਸਦ ਮੈਂਬਰਾਂ ਵਿਚਾਲੇ ਫੁੱਟ ਦੇ ਕਾਰਨਾਂ ਨੂੰ ਜਾਣਨ ਲਈ ਆਏ ਸਨ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਕਰਨਾਲ ਵਿੱਚ 28 ਅਗਸਤ ਨੂੰ ਹੋਣ ਵਾਲੀ ਰੈਲੀ ਦੀ ਸਫਲਤਾ ਲਈ ਆਪਣੇ ਦਰਮਿਆਨ ਬਿਹਤਰ ਤਾਲਮੇਲ ਬਣਾਉਣ। ਉਨ੍ਹਾਂ ਸਾਰੇ ਵਰਕਰਾਂ ਨੂੰ ਇਸ ਕੰਮ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ ਹੈ। ਉਨ੍ਹਾਂ ਜੰਮੂ-ਕਸ਼ਮੀਰ ਵਿੱਚ ਪੀਪਲਜ਼ ਡੋਮੈਕਰੇਟਿਕ ਪਾਰਟੀ (PDP) ਨਾਲ ਗਠਜੋੜ ਤੋੜਨ ਲਈ ਬੀਜੇਪੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਇਹ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਰਾਜਪਾਲ ਸ਼ਾਸ਼ਨ ਦੌਰਾਨ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਹੋਰ ਬਿਹਤਰ ਹੋ ਸਕੇਗੀ।