ਨਵੀਂ ਦਿੱਲੀ: ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮ ਦਾ ਫੈਸਲਾ ਕਰਨ ਲਈ ਦੂਜਾ ਸੁਪਰ ਓਵਰ ਕੀਤਾ ਜਾਣਾ ਚਾਹੀਦਾ ਸੀ ਨਾ ਕਿ ਵਿਜੇਤਾ ਦਾ ਫੈਸਲਾ ਇਸ ਗੱਲ 'ਤੇ ਕੀਤਾ ਜਾਣਾ ਚਾਹੀਦਾ ਸੀ ਕਿ ਕਿਸਨੇ ਜ਼ਿਆਦਾ ਬਾਊਂਡਰੀਜ਼ ਮਾਰੀਆਂ।


ਬੀਤੇ ਐਤਵਾਰ ਨੂੰ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ ਫਾਈਨਲ ਮੈਚ ਟਾਈ ਰਿਹਾ ਸੀ ਜਿਸ ਤੋਂ ਬਾਅਦ ਇਹ ਸੁਪਰ ਓਵਰ ਕੀਤਾ ਗਿਆ ਸੀ, ਪਰ ਮੈਚ ਵੀ ਇੱਥੇ ਵੀ ਟਾਈ ਹੋ ਗਿਆ ਜਿਸ ਮਗਰੋਂ ਸਭ ਤੋਂ ਵੱਧ ਬਾਊਂਡਰੀਜ਼ ਲਾਉਣ ਵਾਲੀ ਟੀਮ ਇੰਗਲੈਂਡ ਨੂੰ ਜੇਤੂ ਐਲਾਨ ਦਿੱਤਾ ਗਿਆ।

ਤੇਂਦੁਲਕਰ ਨੇ 100ਐਮਬੀ ਨੂੰ ਕਿਹਾ, 'ਮੈਂ ਸੋਚਦਾ ਹਾਂ ਕਿ ਜੇਤੂ ਦਾ ਫੈਸਲਾ ਕਿ ਦੋਵਾਂ ਟੀਮਾਂ ਵਿੱਚੋਂ ਕਿਸਨੇ ਜ਼ਿਆਦਾ ਬਾਊਂਡਰੀਜ਼ ਲਾਈਆਂ, ਇਸ ਦੀ ਬਜਾਏ ਇੱਕ ਹੋਰ ਸੁਪਰ ਓਵਰ ਕਰਾ ਕੇ ਕੀਤਾ ਜਾਣਾ ਚਾਹੀਦਾ ਸੀ। ਸਿਰਫ ਵਿਸ਼ਵ ਕੱਪ ਦਾ ਫਾਈਨਲ ਹੀ ਨਹੀਂ, ਹਰ ਮੈਚ ਅਹਿਮ ਹੁੰਦਾ ਹੈ, ਜਿਵੇਂ ਕਿ ਫੁੱਟਬਾਲ ਵਿੱਚ ਜਦੋਂ ਮੈਚ ਵਾਧੂ ਸਮੇਂ ਵਿੱਚ ਜਾਂਦਾ ਹੈ ਤਾਂ ਹੋਰ ਕੁਝ ਮਇਨੇ ਨਹੀਂ ਰੱਖਦਾ।'

ਤੇਂਦੁਲਕਰ ਤੋਂ ਪਹਿਲਾਂ, ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਵੀ ਬਾਊਂਡਰੀਜ਼ ਦੇ ਆਧਾਰ 'ਤੇ ਜਿੱਤ ਦੇਣ ਦੇ ਨਿਯਮ ਦੀ ਆਲੋਚਨਾ ਕੀਤੀ ਸੀ। ਇਸ ਦੇ ਨਾਲ ਹੀ ਸੈਮੀਫਾਈਨਲ ਵਿੱਚ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਵਿਸ਼ਵ ਕੱਪ ਵਿਚ ਆਈਪੀਐਲ ਦੀ ਤਰਜ਼ 'ਤੇ ਨਾਕਆਊਟ ਹੀ ਵਧੀਆ ਵਿਕਲਪ ਹੋ ਸਕਦਾ ਹੈ ਕਿਉਂਕਿ ਇਸ ਨਾਲ ਚੋਟੀ ਦੀਆਂ ਦੋ ਟੀਮਾਂ ਨੂੰ ਹਾਰ ਤੋਂ ਬਾਅਦ ਇੱਕ ਹੋਰ ਮੌਕਾ ਮਿਲਦਾ ਹੈ।