ਪਿਲਾਨੀ: ਰੋਜ਼ਾਨਾ ਦੇਸ਼ ਦੇ 449 ਹਵਾਈ ਅੱਡਿਆਂ ’ਤੇ ਕਰੀਬ 128 ਬੈਗ ਇੱਧਰ-ਉੱਧਰ ਹੋ ਜਾਂਦੇ ਹਨ। ਇਸ ਮਾਮਲੇ ਵਿੱਚ ਕੁਝ ਨੌਜਵਾਨ ਵਿਗਿਆਨੀਆਂ ਨੇ ਆਸਾਨ ਹੱਲ ਪੇਸ਼ ਕੀਤਾ ਹੈ। ਇਸੇ ਸਾਲ ਸਮਾਰਟ ਇੰਡੀਆ ਹੈਕਾਥਾਨ ਦੀ ਸਮਾਰਟ ਕਮਿਊਨੀਕੇਸ਼ਨ ਸ਼੍ਰੇਣੀ ਦੇ ਫਾਈਨਲ ਵਿੱਚ ਪੁੱਜੀਆਂ 13 ਟੀਮਾਂ ਵਿੱਚੋਂ ਹਵਾਈ ਅੱਡੇ ’ਤੇ ਬੈਗ ਗੁਆਚਣ ਦੀ ਸਮੱਸਿਆ ਦੇ ਹੱਲ ਸਬੰਧੀ ਮਾਡਲ ਪੇਸ਼ ਕਰਨ ਵਾਲੀਆਂ 3 ਟੀਮਾਂ ਦੀ ਚੋਣ ਕੀਤੀ ਗਈ।   ਪੁਡੂਚੇਰੀ ਸਰਕਾਰ ਨੇ ਇਸ ਸਾਲ ਸਮਾਰਟ ਇੰਡੀਆ ਹੈਕਾਥਾਨ ਵਿੱਚ ਇਸ ਸਮੱਸਿਆ ਦਾ ਵਿਸ਼ਾ ਰੱਖਿਆ ਸੀ। ਵਿਦਿਆਰਥੀਆਂ ਨੇ ਆਪਣੇ ਮਾਡਲ ਵਿੱਚ ਪੈਸਿਵ ਆਰਐਫਆਈਡੀ (ਰੇਡੀਓ ਫਰੀਕੁਐਂਸੀ ਆਈਡੈਂਟੀਫਿਕੇਸ਼ਨ) ਟੈਗ ਵਰਤਿਆ। ਇਸ ਟੈਗ ਜ਼ਰੀਏ ਬੈਗ ਦੀ ਵਾਸਤਵਿਕ ਸਥਿਤੀ ’ਤੇ ਨਜ਼ਰ ਰੱਖੀ ਜਾ ਸਕੇਗੀ ਤੇ ਬੈਗ ਗੁਆਚ ਜਾਣ ’ਤੇ ਟੈਗ ਦੀ ਮਦਦ ਨਾਲ ਉਸ ਨੂੰ ਆਸਾਨੀ ਨਾਲ ਲੱਭਿਆ ਜਾ ਸਕੇਗਾ। ਯਾਤਰੀ ਵੀ ਆਪਣੇ ਸਮਾਰਟਫੋਨ ਦਾ ਮਦਦ ਨਾਲ ਵੀ ਬੈਗ ਦੇ ਵਾਸਤਵਿਕ ਸਥਿਤੀ ’ਤੇ ਨਜ਼ਰ ਰੱਖ ਸਕਣਗੇ। ਇਸ ਦੇ ਨਾਲ ਹੀ ਯਾਤਰੀਆਂ ਨੂੰ ਬੈਗੇਜ ਦੀ ਸਥਿਤੀ ਸਬੰਧੀ SMS ਜ਼ਰੀਏ ਵੀ ਸੂਚਨਾ ਦਿੱਤੀ ਜਾਏਗੀ।   RFID ਟੈਗ ਬਹੁਤ ਸਸਤਾ ਹੈ। ਇਸ ਦੀ ਕੀਮਤ ਮਹਿਜ਼ 20 ਤੋਂ 30 ਰੁਪਏ ਤਕ ਹੋਏਗੀ। ਇਸ ਟੈਗ ਨੂੰ ਇੱਕ ਤੋਂ ਵੱਧ ਵਾਰ ਵਰਤਿਆ ਜਾ ਸਕਦਾ ਹੈ। ਯਾਤਰੀ ਹਵਾਈ ਅੱਡੇ ਤੋਂ ਬਾਅਦ ਇਸ ਨੂੰ ਆਪਣੇ ਘਰ ਵੀ ਲਿਜਾ ਸਕਣਗੇ। ਇਸ ਦੀ ਮਦਦ ਨਾਲ ਸਿਰਫ ਬੈਗ ਹੀ ਨਹੀਂ, ਬਲਕਿ ਹੋਰ ਕੀਮਤੀ ਚੀਜ਼ਾਂ ਤੇ ਪਾਲਤੂ ਜਾਨਵਰਾਂ ’ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ। ਟੈਗ 10 ਤੋਂ 12 ਮੀਟਰ ਦੀ ਦੂਰੀ ਤਕ ਕੰਮ ਕਰੇਗਾ। ਇਸ ਦਾ ਸਿਹਤ ’ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ।