ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਟ੍ਰੈਵਲ ਐਡਵਾਜ਼ਰੀ, ਇਰਾਕ ਯਾਤਰਾ ਤੋਂ ਬਚਣ ਦੀ ਸਲਾਹ
ਏਬੀਪੀ ਸਾਂਝਾ | 08 Jan 2020 11:27 AM (IST)
ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਲਈ ਇੱਕ ਯਾਤਰਾ ਸਲਾਹ ਜਾਰੀ ਕੀਤੀ ਹੈ। ਜਿਸ 'ਚ ਕਿਹਾ ਗਿਆ ਹੈ ਕਿ ਜੇ ਬਹੁਤ ਮਹੱਤਵਪੂਰਨ ਨਹੀਂ ਤਾਂ ਇਰਾਕ ਦੀ ਯਾਤਰਾ ਨਾ ਕੀਤੀ ਜਾਵੇ।
ਨਵੀਂ ਦਿੱਲੀ: ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਲਈ ਟ੍ਰੈਵਲ ਐਡਵਾਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਜੇ ਬਹੁਤ ਜਰੂਰੀ ਨਹੀਂ ਤਾਂ ਇਰਾਕ ਜਾਣ ਤੋਂ ਬਚੋ। ਇਸ ਤੋਂ ਇਲਾਵਾ ਰਵੀਸ਼ ਕੁਮਾਰ ਨੇ ਉੱਥੇ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਰਵੀਸ਼ ਕੁਮਾਰ ਨੇ ਕਿਹਾ, "ਇਰਾਕ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗਲੀ ਨੋਟੀਫਿਕੇਸ਼ਨ ਤੱਕ ਇਰਾਕ ਦੀ ਹਰ ਗ਼ੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ। ਇਰਾਕ 'ਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।" ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ, "ਬਗਦਾਦ 'ਚ ਸਾਡਾ ਦੂਤਾਵਾਸ ਅਤੇ ਇਰਬਿਲ ਵਿਚਲੇ ਕੌਂਸਲੇਟ ਇਰਾਕ 'ਚ ਰਹਿੰਦੇ ਭਾਰਤੀਆਂ ਨੂੰ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਮ ਤੌਰ 'ਤੇ ਕੰਮ ਕਰਦੇ ਰਹਿਣਗੇ।"