ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲਾ ਦੀ ਇੱਕ ਖਾਸ ਟੀਮ ਰਾਜਸਥਾਨ 'ਚ ਕੋਟਾ ਸਥਿਤ ਜੇ.ਕੇ ਲੋਨ ਹਸਪਤਾਲ ਭੇਜੀ ਗਈ ਹੈ। ਇਸ ਟੀਮ 'ਚ ਜੋਧਪੁਰ ਦੇ ਮਾਹਿਰ ਡਾਕਟਰ, ਸਿਹਤ, ਵਿੱਤ ਅਤੇ ਖੇਤਰੀ ਨਿਰਦੇਸ਼ਕ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜੈਪੁਰ ਤੋਂ ਵੀ ਮਾਹਿਰਾਂ ਨੂੰ ਇਸ 'ਚ ਸ਼ਾਮਲ ਕੀਤਾ ਗਿਆ। ਕੋਟਾ ਸਥਿਤ ਇਸ ਹਸਪਤਾਲ 'ਚ ਇਲਾਜ਼ ਦੌਰਾਨ ਬੀਤੇ ਦਸੰਬਰ ਮਹੀਨੇ ਤੋਂ ਕਰੀਬ 100 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਉਨ੍ਹਾਂ ਮੁਤਾਬਕ ਕੇਂਦਰ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਬੱਚਿਆਂ ਦੇ ਇਲਾਜ 'ਚ ਹਰ ਮੁਮਕਿਨ ਮਦਦ ਦੇਣ ਦਾ ਭਰੌਸਾ ਦਿੱਤਾ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਬਾਲ ਰੋਗ ਮਾਹਿਰਾਂ ਦੀ ਇੱਕ ਟੀਮ ਨੂੰ ਰਾਜਸਥਾਨ ਲਈ ਰਵਾਨਾ ਕੀਤ ਾਗਿਆ ਹੈ ਤਾਂ ਜੋ ਬੱਚਿਆਂ ਦੀ ਮੌਤਾਂ ਨੂੰ ਰੋਕਿਆ ਜਾ ਸਕੇ। ਡਾ ਹਰਸ਼ਵਰਧਨ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਦੱਸਿਆ ਕਿ ਜੇਕੇ ਹਸਪਤਾਲ ਨੂੰ ਵਿੱਤੀ ਵਰ੍ਹੇ 2019-20 'ਚ ਮੁੱਢਲੀ ਰਕਮ ਵਜੋਂ 91 ਲੱਖ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਇਹ ਰਕਮ ਨੈਸ਼ਨਲ ਹੇਲਥ ਮਿਸ਼ਨ ਤਹਿਤ ਦਿੱਤੀ ਗਈ ਹੈ।


ਇਸ ਤੋਂ ਪਹਿਲਾ ਬੀਜੇਪੀ ਦੀ 4 ਮਹਿਲਾ ਸੰਸਦਾਂ ਦੇ ਇੱਕ ਵਫ਼ਦ ਨੇ ਕੋਟਾ ਸਥਿਤ ਜੇਕੇ ਹਸਪਤਾਲ ਦਾ ਨਿਰੀਖਣ ਕੀਤਾ। ਜਿੱਥੇ ਦਸੰਬਰ ਮਹੀਨੇ 'ਚ ਕਰੀਬ 100 ਬੱਚਿਆਂ ਦੀ ਮੌਤ 'ਤੇ ਕਈ ਸਮਾਜਕ ਸੰਗਠਨ ਵੀ ਆਪਣੀ ਫਿਕਰ ਸਰਕਾਰ ਸਾਹਮਣੇ ਜ਼ਾਹਿਰ ਕਰ ਚੁੱਕੇ ਹਨ।