ਸ੍ਰੀਨਗਰ: ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ। ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ। ਇਨ੍ਹਾਂ ਸਾਰੇ ਅੱਤਵਾਦੀਆਂ ਨੇ ਪਿਛਲੇ 12 ਦਿਨਾਂ ‘ਚ ਚਾਰ ਆਮ ਨਾਗਰਿਕਾਂ ਦਾ ਕਤਲ ਕੀਤਾ ਸੀ।


ਜੰਮੂ-ਕਸ਼ਮੀਰ ਪੁਲਿਸ ਮੁਤਾਬਤ ਇੱਕ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲ੍ਹੇ ਦੇ ਹਰਦਮੰਗੂਰੀ ਪਿੰਡ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜਦੋਂ ਸੁਰੱਖਿਆ ਬਲ ਇੱਕ ਸੇਬ ਦੇ ਬਗੀਚੇ ਦੇ ਵਿਚਕਾਰ ਬਣੇ ਮਕਾਨ ਦੇ ਕੋਲ ਪਹੁੰਚੇ ਤਾਂ ਅੰਦਰ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਉਹ ਨਾਕਾਮਯਾਬ ਰਹੇ ਤੇ ਸਵੇਰੇ 5 ਤੋਂ 6 ਵਜੇ ਦੇ ਵਿਚਕਾਰ ਦੋ ਅੱਤਵਾਦੀ ਮਾਰੇ ਗਏ।

ਛੇ ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਤੀਜੇ ਅੱਤਵਾਦੀ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਘਰ ਨੂੰ ਵਿਸਫੋਟਕ ਬਾਰੂਦ ਨਾਲ ਉਡਾ ਦਿੱਤਾ। ਪੁਲਿਸ ਨਾਲ ਇਸ ਮੁਕਾਬਲੇ ਵਿੱਚ ਹਿਜਬੁਲ ਮੁਜਾਹਿਦੀਨ ਨਾਲ ਸਬੰਧਤ ਚਾਰ ਅੱਤਵਾਦੀ ਮਾਰੇ ਗਏ ਸੀ, ਜਿਨ੍ਹਾਂ ਚੋਂ ਤਿੰਨ ਸਥਾਨਕ ਹਨ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਲਾਂਕਿ ਚੌਥੇ ਅੱਤਵਾਦੀ ਦੀ ਲਾਸ਼ ਅਜੇ ਵੀ ਘਰ ਦੇ ਮਲਬੇ ਹੇਠਾਂ ਦੱਬੀ ਹੋਈ ਹੈ।

ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਦੇ ਅਨੁਸਾਰ ਸਾਰੇ ਚਾਰ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਸੀ। ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ‘ਚ ਸਰਗਰਮ ਸੀ। ਦਿਲਬਾਗ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਚਾਰ ਅੱਤਵਾਦੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਪਿਛਲੇ 12 ਦਿਨਾਂ ਵਿੱਚ ਚਾਰ ਕਤਲਾਂ ਵਿੱਚ ਸ਼ਾਮਲ ਸੀ।