ਵੈਨਕੂਵਰ: ਕੁਝ ਪੰਜਾਬੀ ਕੈਨੇਡਾ ਵਿੱਚ ਵੀ ਬਾਜ ਨਹੀਂ ਆ ਰਹੇ। ਗੈਂਗਵਾਰ ਦੀ ਤਾਜ਼ਾ ਵਾਰਦਾਤ ਵਿੱਚ ਜਸਕੀਰਤ ਕਾਲਕਟ (23) ਦੀ ਮੌਤ ਹੋ ਗਈ। ਜਸਕੀਰਤ ਦਾ ਕਤਲ ਕੁਝ ਦਿਨ ਪਹਿਲਾਂ ਵੈਨਕੂਵਰ ਹਵਾਈ ਅੱਡੇ ’ਤੇ ਮਾਰੇ ਗਏ ਗੈਂਗਸਟਰ ਕਰਮਨ ਗਰੇਵਾਲ ਦੀ ਹੱਤਿਆ ਮਗਰੋਂ ਹੋਇਆ ਹੈ।  

 

ਸਥਾਨਕ ਰਿਪੋਰਟਾਂ ਮੁਤਾਬਕ ਗੈਂਗ ਬ੍ਰਦਰਜ਼ ਕੀਪਰ ਗੈਂਗ ਦੇ ਤਿੰਨ ਮੈਂਬਰਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿੱਚ ਜਸਕੀਰਤ ਕਾਲਕਟ (23) ਮਾਰਿਆ ਗਿਆ ਤੇ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ। ਹਮਲਾ ਮੈਰੀਨ ਡਰਾਈਵ ਮੁੱਖ ਸੜਕ ਦੇ ਨਾਲ ਲੱਗਦੇ ਭੀੜ ਵਾਲੇ ਪਲਾਜ਼ੇ ਦੀ ਪਾਰਕਿੰਗ ਵਿੱਚ ਕੀਤਾ ਗਿਆ। ਵਾਰਦਾਤ ਮਗਰੋਂ ਮੁਲਜ਼ਮ ਭੱਜਣ ਵਿੱਚ ਸਫ਼ਲ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਹਮਲਾ ਮਿੱਥ ਕੇ ਕੀਤਾ ਗਿਆ।

 

ਉਧਰ, ਜਾਣਕਾਰ ਸੂਤਰਾਂ ਦਾ ਮੰਨਣਾ ਹੈ ਕਿ ਇਹ ਗੈਂਗਵਾਰ ਬਦਲਾਖੋਰੀ ਦਾ ਨਤੀਜਾ ਹੈ। ਜ਼ਖ਼ਮੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜਿਸ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਜਸਕੀਰਤ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਜਮਾਨਤ ’ਤੇ ਆਇਆ ਸੀ। ਬਰਨਬੀ ਆਰਸੀਐਮਪੀ ਦੇ ਬੁਲਾਰੇ ਬਰੈਟ ਕਨਿੰਘਮ ਅਨੁਸਾਰ ਕੈਕਟਸ ਕਲੱਬ ਮੂਹਰੇ ਕਰੀਬ 20 ਗੋਲੀਆਂ ਚੱਲੀਆਂ।

 

ਘਟਨਾ ਤੋਂ ਘੰਟੇ ਕੁ ਬਾਅਦ ਸਰੀ ਦੇ ਦੱਖਣੀ ਪਾਸੇ ਕਾਰ ਨੂੰ ਅੱਗ ਲਾਈ ਗਈ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਮੁਲਜ਼ਮ ਉਸੇ ਕਾਰ ਵਿਚ ਭੱਜੇ ਹੋਣਗੇ। ਗੋਲੀਬਾਰੀ ਤੋਂ ਬਾਅਦ ਵਰਤੀ ਕਾਰ ਨੂੰ ਸਾੜ ਦੇਣਾ ਇੱਥੋਂ ਦੇ ਗੈਂਗਸਟਰਾਂ ਦਾ ਵਰਤਾਰਾ ਹੈ। ਪੰਜਾਬੀ ਗੈਂਗਸਟਰਾਂ ਵਿੱਚ ਪਿਛਲੇ ਮਹੀਨੇ ਬ੍ਰਦਰਜ਼ ਕੀਪਰ ਦੇ ਹਰਬ ਧਾਲੀਵਾਲ ਦੇ ਕਤਲ ਨਾਲ ਸ਼ੁਰੂ ਹੋਈ ਬਦਲਾਖੋਰੀ ਵਜੋਂ ਇਹ 5ਵਾਂ ਮਾਮਲਾ ਹੈ।