ਜੰਮੂ-ਕਸ਼ਮੀਰ: ਸਾਬਕਾ ਆਈਏਐਸ ਅਧਿਕਾਰੀ ਅਤੇ ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ (ਜੇਕੇਪੀਐਮ) ਪਾਰਟੀ ਦੇ ਮੁਖੀ ਸ਼ਾਹ ਫੈਸਲ 'ਤੇ ਪਬਲਿਕ ਸੇਫਟੀ ਐਕਟ (ਪੀਐਸਏ) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਾਹ ਫੈਸਲ ਜੰਮੂ ਕਸ਼ਮੀਰ ਵਿੱਚ ਪੀਐਸਏ ਦੇ ਤਹਿਤ ਬੁੱਕ ਕੀਤੇ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋਇਆ।


ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ, ਅਲੀ ਮੁਹੰਮਦ ਸਾਗਰ, ਸਰਤਾਜ ਮਦਾਨੀ, ਹਿਲਾਲ ਲੋਨ ਅਤੇ ਨਈਮ ਅਖਤਰ 'ਤੇ ਵੀ ਹਾਲ ਹੀ ਵਿੱਚ ਪੀਐਸਏ ਅਧੀਨ ਕੇਸ ਦਰਜ ਕੀਤਾ ਗਿਆ ਹੈ। ਸ਼ਾਹ ਫੈਸਲ ਪਿਛਲੇ ਸਾਲ 14 ਅਗਸਤ ਤੋਂ ਅਪਰਾਧਿਕ ਪ੍ਰਣਾਲੀ (ਸੀਆਰਪੀਸੀ) ਦੀ ਧਾਰਾ 107 ਅਧੀਨ ਰੋਕੂ ਹਿਰਾਸਤ 'ਚ ਹੈ। ਉਸਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸ਼੍ਰੀਨਗਰ ਦੇ ਵਿਧਾਇਕ ਹੋਸਟਲ 'ਚ ਸ਼ਿਫਟ ਕਰ ਦਿੱਤਾ ਗਿਆ।

ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਫੈਸਲ ਨੂੰ ਘਰ ਸ਼ਿਫਟ ਕੀਤਾ ਜਾਵੇਗਾ ਜਾਂ ਵਿਧਾਇਕ ਹੋਸਟਲ ਸਬ-ਜੇਲ ਵਿੱਚ ਹੀ ਰੱਖੀਆ ਜਾਵੇਗਾ।

ਪੀਐਸਏ 1978 ਦਾ ਜੰਮੂ-ਕਸ਼ਮੀਰ ਦਾ ਇੱਕ ਕਾਨੂੰਨ ਹੈ, ਜਿਸ ਨੂੰ ਅਕਸਰ ਇੱਕ ਸਖ਼ਤ ਕਦਮ ਦੱਸਿਆ ਜਾਂਦਾ ਹੈ, ਜੋ ਅਧਿਕਾਰੀਆਂ ਨੂੰ ਬਗੈਰ ਕਿਸੇ ਮੁਕੱਦਮੇ ਦੇ ਇੱਕ ਵਿਅਕਤੀ ਨੂੰ ਦੋ ਸਾਲ ਤਕ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ।