ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਸੁਰੱਖਿਆ ਬਲਾਂ ਲਈ ਵੱਡੀ ਚੁਣੌਤੀ ਸਾਬਤ ਹੋਏਗਾ। ਇੰਡੀਅਨ ਐਕਸਪ੍ਰੈਸ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਸਿੱਖ ਧਰਮ ਅਸਥਾਨ ਲਈ ਵੀਜ਼ਾ ਫਰੀ ਲਾਂਘਾ ਲੰਬੇ ਸਮੇਂ ਤੋਂ ਬੰਦ ਕੀਤੇ ਜਾਣ ਪਿੱਛੇ ਸੁਰੱਖਿਆ ਪ੍ਰਣਾਲੀ ਹੀ ਕਾਰਨ ਸੀ।

ਗੁਪਤਾ ਦੇ ਅਨੁਸਾਰ, "ਜਿਹੜੇ ਲੋਕ ਉੱਥੇ ਜਾਂਦੇ ਹਨ ਉਨ੍ਹਾਂ ਨੂੰ ਕੱਟੜਪੰਥੀਤਾ ਵੱਲ ਧੱਕਿਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ।" ਪਾਕਿਸਤਾਨ ਲੰਮੇ ਸਮੇਂ ਤੋਂ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਅਤੇ ਉਨ੍ਹਾਂ ਨੂੰ ਕੱਟੜਵਾਦ ਵੱਲ ਧੱਕਣ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, "ਕਰਤਾਰਪੁਰ ਵਿੱਚ ਇੱਕ ਸੰਭਾਵਨਾ ਹੈ ਕਿ ਸਵੇਰੇ ਉੱਥੇ ਜਾਣ ਵਾਲਾ ਵਿਅਕਤੀ ਸ਼ਾਮ ਨੂੰ ਸਿਖਲਾਈ ਦੇ ਕੇ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਤੁਸੀਂ ਉੱਥੇ 6 ਘੰਟੇ ਲਈ ਜਾਂਦੇ ਹੋ। ਤੁਹਾਨੂੰ ਫਾਇਰਿੰਗ ਰੇਂਜ ਲੈ ਜਾਕੇ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ"