ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਜੀਂਦ ਦੀ ਕਿਸਾਨ ਮਹਾਂਪੰਚਾਇਤ ਦੌਰਾਨ ਕੇਂਦਰ ਉੱਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਜੀਐਨਸੀਟੀਡੀ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕ ਉਹ ਸੰਸਦ ’ਚ ਬਿੱਲ ਲੈ ਕੇ ਆਏ, ਤਾਂ ਜੋ ਕੇਜਰੀਵਾਲ ਨੂੰ ਸਜ਼ਾ ਦੇ ਸਕਣ। ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਦਾ ਖ਼ਮਿਆਜ਼ਾ ਸਾਨੂੰ ਭੁਗਤਣਾ ਪਿਆ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਬਿੱਲ ਪਾਸ ਕਰ ਕੇ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਅਧਿਕਾਰ ਦੇਣ ਦੀ ਥਾਂ ਉੱਪ ਰਾਜਪਾਲ ਦੇ ਹੱਥਾਂ ਵਿੱਚ ਕਾਨੂੰਨ ਦੇ ਰਹੇ ਹਨ। ਕੀ ਅਸੀਂ ਇਸ ਲਈ ਆਜ਼ਾਦੀ ਦੀ ਸੰਘਰਸ਼ ਲੜਾਂਗੇ? ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਮੇਰੇ ਕੋਲ ਫ਼ਾਈਲ ਭੇਜੀ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਕਾਨੂੰਨ ਤੇ ਵਿਵਸਥਾ ਦਾ ਸੁਆਲ ਹੈ। ਉਨ੍ਹਾਂ ਮੈਨੂੰ ਇੱਥੋਂ ਤੱਕ ਧਮਕੀ ਦਿੱਤੀ ਕਿ ਉਹ ਮੇਰਾ ਅਧਿਕਾਰ ਲੈ ਲੈਣਗੇ। ਮੈਂ ਉਨ੍ਹਾਂ ਦੀਆਂ ਗੱਲਾਂ ਨਹੀਂ ਸੁਣੀਆਂ ਤੇ ਫ਼ਾਈਲ ਨੂੰ ਰੱਦ ਕਰ ਦਿੱਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਉਨ੍ਹਾਂ 300 ਕਿਸਾਨਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਦੀ ਕਿਸਾਨ ਅੰਦੋਲਨ ਦੌਰਾਨ ਮੌਤ ਹੋ ਗਈ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੀ ਕੁਰਬਾਨੀ ਅਜਾਈਂ ਨਾ ਜਾਵੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਰੋਹਤਕ ’ਚ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ। ਸਰਕਾਰ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਉੱਤੇ ਲਾਠੀਚਾਰਜ ਕਰਨਾ ਚਾਹੀਦਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਬਹੁਤ ਕਿਸਾਨ ਹਾਲੇ ਜਾਮ ’ਚ ਫਸੇ ਹੋੲ ਹਨ। ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕੀਤਾ। ਹੁਣ ਹਰਿਆਣਾ ’ਚ ਆਇਆ ਹਾਂ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਸਾਰੇ ਦੇਸ਼ ਦੇ ਕਿਸਾਨ ਤੁਹਾਡੇ ਨਾਲ ਹਨ। ਪਹਿਲੇ ਦਿਨ ਤੋਂ ਹੀ ਮਜ਼ਬੂਤੀ ਨਾਲ। ਦਿੱਲੀ ਸਰਕਾਰ ਕਿਸਾਨਾਂ ਦਾ ਸਾਥ ਦੇ ਰਹੀ ਹੈ।
ਗ਼ੌਰਤਲਬ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਅੰਦੋਲਨ ਕਰ ਰਹੇ ਹਨ। ਕਿਸਾਨਾਂ ਤੇ ਸਰਕਾਰ ਵਿਚਾਲੇ 11 ਗੇੜ ਦੀ ਗੱਲਬਾਤ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਨਤੀਜਾ ਨਹੀਂ ਨਿੱਕਲ ਸਕਿਆ।