ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਕਸੀਜਨ ਉੱਪਰ ਛਿੜੀ ਬਹਿਸ 'ਤੇ ਕਿਹਾ ਹੈ ਕਿ ਜੇ ਵੱਖ-ਵੱਖ ਸੂਬਿਆਂ 'ਚ ਵੰਡੇ ਗਏ ਤਾਂ ਭਾਰਤ ਨਹੀਂ ਬਚੇਗਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਮਿਲ ਕੇ ਕੋਰੋਨਾ ਸੰਕਟ ਨਾਲ ਲੜਨ ਦੀ ਬੇਨਤੀ ਕੀਤੀ ਹੈ।


 


ਉਨ੍ਹਾਂ ਨੇ ਦਿੱਲੀ ਵਿੱਚ ਆਕਸੀਜਨ ਦੇ ਕੋਟੇ ਵਿੱਚ ਵਾਧਾ ਕਰਨ ਲਈ ਕੇਂਦਰ ਸਰਕਾਰ ਤੇ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ। ਦਿੱਲੀ ਸਰਕਾਰ ਦੇ ਅਨੁਮਾਨਾਂ ਅਨੁਸਾਰ, ਯੂਟੀ ਨੂੰ ਪ੍ਰਤੀ ਦਿਨ 700 ਟਨ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਕੇਂਦਰ ਨੇ ਪਹਿਲਾਂ ਇਸ ਨੂੰ 378 ਟਨ ਤੈਅ ਕੀਤਾ ਸੀ, ਪਰ ਹੁਣ ਇਸ ਨੂੰ ਵਧਾ ਕੇ 480 ਟਨ ਕਰ ਦਿੱਤਾ ਗਿਆ ਹੈ।


 


ਕੇਜਰੀਵਾਲ ਨੇ ਕਿਹਾ, "ਕੇਂਦਰ ਸਰਕਾਰ ਆਕਸੀਜਨ ਕੋਟਾ ਤੈਅ ਕਰਦੀ ਹੈ। ਦਿੱਲੀ 'ਚ ਆਕਸੀਜਨ ਨਹੀਂ ਬਣਦੀ, ਸਾਰੀ ਆਕਸੀਜਨ ਬਾਹਰਲੇ ਰਾਜਾਂ ਤੋਂ ਆਉਂਦੀ ਹੈ। ਕੁਝ ਰਾਜ ਜਿਨ੍ਹਾਂ 'ਚ ਆਕਸੀਜਨ ਕੰਪਨੀਆਂ ਹਨ, ਉਨ੍ਹਾਂ 'ਚ ਕੁਝ ਰਾਜ ਸਰਕਾਰਾਂ ਨੇ ਉਨ੍ਹਾਂ ਕੰਪਨੀਆਂ ਤੋਂ ਦਿੱਲੀ ਦੇ ਕੋਟੇ ਨੇ ਆਕਸੀਜਨ ਭੇਜਣਾ ਬੰਦ ਕਰ ਦਿੱਤਾ। ਰਾਜਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਕੋਟੇ ਦੀ ਵੀ ਵਰਤੋਂ ਕਰਾਂਗੇ, ਦਿੱਲੀ ਦੇ ਟਰੱਕਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਮੈਂ ਕੇਂਦਰ ਸਰਕਾਰ ਅਤੇ ਦਿੱਲੀ ਹਾਈ ਕੋਰਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਉਨ੍ਹਾਂ ਨੇ ਪਿਛਲੇ ਦੋ-ਤਿੰਨ ਦਿਨਾਂ 'ਚ ਸਾਡੀ ਬਹੁਤ ਮਦਦ ਕੀਤੀ ਜਿਸ ਕਾਰਨ ਆਕਸੀਜਨ ਦਿੱਲੀ ਪਹੁੰਚਣੀ ਸ਼ੁਰੂ ਹੋ ਗਈ।”


 


ਕੇਜਰੀਵਾਲ ਨੇ ਅੱਗੇ ਕਿਹਾ, "ਸਾਡਾ ਆਕਸੀਜਨ ਕੋਟਾ ਵਧਿਆ ਹੈ, ਬਹੁਤ ਸਾਰੀ ਆਕਸੀਜਨ ਉੜੀਸਾ ਤੋਂ ਆਉਣਾ ਹੈ। ਵਧੇ ਹੋਏ ਕੋਟੇ ਨੂੰ ਦਿੱਲੀ ਪਹੁੰਚਣ 'ਚ ਕੁਝ ਦਿਨ ਲੱਗਣਗੇ, ਅਸੀਂ ਜਹਾਜ਼ 'ਚੋਂ ਆਕਸੀਜਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਥੇ ਵੱਡੀ ਆਪਦਾ ਹੈ, ਜੇ ਅਸੀਂ ਇਸ ਨੂੰ ਹਰਿਆਣਾ, ਪੰਜਾਬ, ਤਾਮਿਲਨਾਡੂ, ਗੁਜਰਾਤ, ਪੱਛਮੀ ਬੰਗਾਲ 'ਚ ਵੰਡਾਂਗੇ ਤਾਂ ਭਾਰਤ ਨਹੀਂ ਬਚੇਗਾ। ਇਸ ਸਮੇਂ ਸਾਨੂੰ ਇਕ ਦੂਸਰੇ ਦੀ ਮਦਦ ਕਰਨੀ ਪਵੇਗੀ। ਜੇਕਰ ਦਿੱਲੀ 'ਚ ਆਕਸੀਜਨ ਹੈ ਤਾਂ ਅਸੀਂ ਦੂਸਰੇ ਰਾਜਾਂ ਨੂੰ ਦੇਵਾਂਗੇ।"


 


ਬੁੱਧਵਾਰ ਨੂੰ ਦਿੱਲੀ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 24,638 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਸੰਖਿਆ 9 ਲੱਖ 30 ਹਜ਼ਾਰ 179 ਹੋ ਗਈ। 249 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 12,887 ਹੋ ਗਈ ਹੈ। ਰਾਜਧਾਨੀ ਵਿੱਚ ਲਾਗ ਦੀ ਦਰ 31.28 ਪ੍ਰਤੀਸ਼ਤ ਹੈ, ਜਿਸ ਦਾ ਮਤਲਬ ਹੈ ਕਿ ਹਰ ਤੀਜੇ ਸੈਂਪਲ 'ਚ ਲਾਗ ਦੀ ਪੁਸ਼ਟੀ ਹੋਈ ਹੈ। ਉਥੇ ਹੀ ਮਹਾਨਗਰ ਆਕਸੀਜਨ ਅਤੇ ਬਿਸਤਰੇ ਦੀ ਘਾਟ ਨਾਲ ਵੀ ਜੂਝ ਰਿਹਾ ਹੈ।