Kerala Heavy Rain: ਕੇਰਲ ਵਿੱਚ ਮੀਂਹ ਨੇ ਬਹੁਤ ਤਬਾਹੀ ਮਚਾਈ ਹੈ। ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਹੈ। ਰਾਜ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਹੁਤ ਸਾਰੇ ਲੋਕ ਲਾਪਤਾ ਹਨ। ਮੀਂਹ ਦਾ ਵੱਧ ਤੋਂ ਵੱਧ ਪ੍ਰਭਾਵ ਕੋੱਟਯਾਮ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕੋਟਾਯਮ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਡੁੱਕੀ ਵਿੱਚ ਅੱਠ ਲੋਕਾਂ ਦੀ ਜਾਨ ਚਲੀ ਗਈ ਹੈ। ਮੀਂਹ ਕਾਰਨ ਪਠਾਨਾਮਥਿੱਟਾ ਅਤੇ ਇਡੁੱਕੀ ਦੀ ਸਥਿਤੀ ਬਹੁਤ ਖਰਾਬ ਹੈ।
ਕੇਰਲ ਦੇ ਕਈ ਜ਼ਿਲ੍ਹਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ, ਜੋ ਕਿ ਮੀਂਹ ਕਾਰਨ ਕੁਦਰਤ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਹਵਾਈ ਫ਼ੌਜ ਵੀ ਮਦਦ ਲਈ ਮੈਦਾਨ ਵਿੱਚ ਉਤਰੀ ਹੈ। ਇਸ ਤੋਂ ਇਲਾਵਾ ਲੋਕਾਂ ਦੀ ਮਦਦ ਲਈ ਐਨਡੀਆਰਐਫ ਦੀਆਂ 11 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਕੋਟਾਯਾਮ ਜ਼ਿਲ੍ਹੇ ਦੇ ਆਲੇ ਦੁਆਲੇ ਦੇ ਖੇਤਰ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਵਿੱਚ ਹਨ।
ਕੋਟਯਾਮ ਵਿੱਚ ਬਾਰਿਸ਼ ਦੇ ਕਾਰਨ ਨਦੀਆਂ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ ਨਦੀਆਂ ਦੇ ਕਿਨਾਰੇ ਬਣੇ ਕਈ ਘਰ ਢਹਿ ਗਏ ਹਨ। ਪਾਣੀ ਦੇ ਵਹਾਅ ਕਾਰਨ ਵੱਡੀਆਂ ਗੱਡੀਆਂ ਵਹਿ ਗਈਆਂ। ਦਰਿਆ ਦੇ ਕਿਨਾਰਿਆਂ 'ਤੇ ਵੱਡੀ ਗਿਣਤੀ ਵਿੱਚ ਦਰਖਤ ਵੀ ਡਿੱਗ ਗਏ ਹਨ।
ਮੌਸਮ ਵਿਭਾਗ ਨੇ ਕੇਰਲ ਦੇ 11 ਜ਼ਿਲ੍ਹਿਆਂ, ਤਿਰੂਵਨੰਤਪੁਰਮ, ਕੋਲਮ, ਪਠਾਨਮਥਿੱਟਾ, ਕੋੱਟਯਾਮ, ਅੱਲਾਪੁਝਾ, ਏਰਨਾਕੁਲਮ, ਇਡੁੱਕੀ, ਤ੍ਰਿਸ਼ੂਰ, ਪਲੱਕੜ, ਮਲੱਪੁਰਮ ਅਤੇ ਕੋਝੀਕੋਡ ਵਿੱਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।