ਲਖਨਊ: ਲਖੀਮਪੁਰ ਖੇੜੀ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਘਟਨਾ ਤੋਂ ਬਾਅਦ ਇਸ ਮਾਮਲੇ 'ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਇਨ੍ਹਾਂ ਨੇਤਾਵਾਂ ਨੂੰ ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਲਗਾਤਾਰ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਆਲੇ ਦੁਆਲੇ ਦੇ ਖੇਤਰ ਵਿੱਚ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਜਦਕਿ ਮੌਕੇ 'ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਨੇਤਾਵਾਂ ਨੂੰ ਮੌਕੇ 'ਤੇ ਨਾ ਪਹੁੰਚਣ ਦਿੱਤਾ ਜਾਵੇ ਅਤੇ ਸਥਿਤੀ ਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਜਾਵੇ। ਪ੍ਰਸ਼ਾਸਨ ਨੇ ਸਵੇਰ ਤੋਂ ਹੀ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਘਰ ਦੇ ਬਾਹਰ ਬਹੁਤ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਜਿਸ ਤੋਂ ਬਾਅਦ ਅਖਿਲੇਸ਼ ਯਾਦਵ ਆਪਣੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਅਤੇ ਸੂਬਾ ਸਰਕਾਰ 'ਤੇ ਤਿੱਖਾ ਹਮਲਾ ਕੀਤਾ।
ਸਮਾਜਵਾਦੀ ਪਾਰਟੀ ਨੇ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ:
ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਕਿਹਾ, “ਕਿਸਾਨਾਂ 'ਤੇ ਅੰਗਰੇਜ਼ਾਂ ਨਾਲੋਂ ਜ਼ਿਆਦਾ ਜ਼ੁਲਮ ਹੋਏ ਹਨ। ਸਰਕਾਰ ਕਿਸੇ ਨੂੰ ਵੀ ਮਾਰ ਸਕਦੀ ਹੈ। ਭਾਜਪਾ ਸਰਕਾਰ ਅਸਫਲ ਰਹੀ ਹੈ, ਗ੍ਰਹਿ ਰਾਜ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਸ ਹਿੰਸਾ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਪਹਿਲੀ ਮੰਗ ਘਟਨਾ ਨਾਲ ਜੁੜੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਕੀਤੀ ਸੀ। ਕਿਸਾਨਾਂ ਦੀ ਪਹਿਲੀ ਮੰਗ ਨੂੰ ਮੰਨਦੇ ਹੋਏ ਆਸ਼ੀਸ਼ ਮਿਸ਼ਰਾ ਦੇ ਖਿਲਾਫ ਕਤਲ, ਗੈਰ ਇਰਾਦਾ ਕਤਲ, ਦੁਰਘਟਨਾ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ, ਇਸ ਮਾਮਲੇ 'ਤੇ, ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਕੱਲ੍ਹ ਹੋਏ ਹੰਗਾਮੇ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ।
ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਲਖੀਮਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਚੌਰਸੀਆ ਨੇ ਕਿਹਾ, ''ਬਹੁਤ ਸਾਰੀਆਂ ਗੱਲਾਂ 'ਤੇ ਚਰਚਾ ਹੋਈ, ਮੰਗ ਪੱਤਰ ਪ੍ਰਾਪਤ ਹੋਏ ਹਨ। ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਕਰਨ, ਐਫਆਈਆਰ ਦਰਜ ਕਰਨ ਅਤੇ ਮ੍ਰਿਤਕਾਂ ਨੂੰ ਮੁਆਵਜ਼ੇ ਦੀ ਰਕਮ, ਹਰੇਕ ਨੂੰ ਇੱਕ ਸਰਕਾਰੀ ਨੌਕਰੀ ਦੇਣ ਅਤੇ ਪੂਰੀ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਲਖੀਮਪੁਰ ਖੇੜੀ ਪਹੁੰਚੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲਖੀਮਪੁਰ ਖੇੜੀ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ, ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ, ਬਸਪਾ ਦੇ ਸਤੀਸ਼ ਮਿਸ਼ਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈਣ ਲਈ ਪਹੁੰਚੇ ਪੁਲਿਸ ਕਰਮਚਾਰੀਆਂ ਨਾਲ ਜ਼ਬਰਦਸਤ ਬਹਿਸ ਹੋਈ।
ਲਖੀਮਪੁਰ ਖੇੜੀ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਆਪਣਾ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪਿਆ। ਇਸ ਵਿੱਚ ਮੁੱਖ ਮੰਗ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀ ਐਫਆਈਆਰ ਦਰਜ ਕਰਕੇ ਗ੍ਰਿਫਤਾਰੀ ਦੀ ਹੈ। ਇਸ ਦੇ ਨਾਲ ਹੀ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜੇ ਦੀ ਮੰਗ ਕੀਤੀ ਗਈ ਹੈ।
ਉਧਰ ਇਸ ਮਾਮਲੇ 'ਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਕਿਸਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ। ਹੁਣ ਕਾਤਲਾਂ ਨੂੰ ਸਜ਼ਾ ਮਿਲਣ 'ਤੇ ਹੀ ਸਾਹ ਲਿਆਂਗੇ। ਚਾਹੇ ਉਹ ਮੰਤਰੀ ਦਾ ਪੁੱਤਰ ਹੋਵੇ ਜਾਂ ਕੋਈ ਹੋਰ ਗੁੰਡੇ। ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।