ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 334ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਹਰਿਆਣਾ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੋਂ ਬਾਅਦ ਦੀਆਂ ਘਟਨਾਵਾਂ 'ਤੇ ਚਰਚਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸੋਚੀ-ਸਮਝੀ ਸਾਜਿਸ਼ ਤਹਿਤ ਕੀਤੇ ਗਏ ਇਸ ਵਹਿਸ਼ੀ ਕਾਰੇ ਦਾ ਕਿਸਾਨਾਂ ਨੇ, ਜਾਬਤੇ 'ਚ ਰਹਿ ਕੇ ਢੁੱਕਵਾਂ ਜਵਾਬ ਦਿੱਤਾ। ਤੁਰੰਤ ਫੈਸਲਾ ਲੈ ਕੇ ਉਸੇ ਦਿਨ ਕਈ ਥਾਈਂ ਸੜਕਾਂ ਜਾਮ ਕੀਤੀਆਂ ਗਈਆਂ। ਅੱਗਲੇ ਦਿਨ 29 ਅਗਸਤ ਨੂੰ ਦੋ ਘੰਟਿਆਂ ਲਈ ਸੜਕਾਂ ਜਾਮ ਕਰਨ ਦੇ ਪ੍ਰੋਗਰਾਮ ਨੂੰ ਲਾਮਿਸਾਲ ਹੁੰਗਾਰਾ ਮਿਲਿਆ।


 


ਆਗੂਆਂ ਨੇ ਕਿਹਾ ਕਿ ਡਰਨ ਦੀ ਬਜਾਏ, ਲਾਠੀਚਾਰਜ ਨੇ ਸਾਡੇ ਰੋਹ ਨੂੰ ਹੋਰ ਜਰਬਾਂ ਦਿੱਤੀਆਂ ਹਨ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੇ ਸਾਡੇ ਅਹਿਦ ਨੂੰ ਹੋਰ ਮਜ਼ਬੂਤ ਕੀਤਾ ਹੈ। ਅੱਜ ਲਾਠੀਚਾਰਜ ਕਾਰਨ ਸ਼ਹੀਦ ਹੋਏ ਹਰਿਆਣਾ ਦੇ ਕਿਸਾਨ ਸੁਸ਼ੀਲ ਕਾਜਲ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਹ ਕੁਰਬਾਨੀਆਂ ਅਜ਼ਾਈਂ ਨਹੀਂ ਜਾਣਗੀਆਂ। ਬੁਲਾਰਿਆਂ ਨੇ ਦੱਸਿਆ ਕਿ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਹੋਣ ਵਾਲੀ ਕਿਸਾਨ ਮਹਾਂ-ਪੰਚਾਇਤ, ਕਿਸਾਨਾਂ ਦੀ ਸ਼ਮੂਲੀਅਤ ਪੱਖੋਂ ਇਤਿਹਾਸਕ ਹੋਵੇਗੀ। 


 


ਉਨ੍ਹਾਂ ਕਿਹਾ ਬੀਜੇਪੀ ਸਰਕਾਰ ਨੂੰ ਸਿਆਸੀ ਹਲੂਣਾ ਦੇਣ ਲਈ,ਇਸ ਨੂੰ ਯੂਪੀ ਦੀਆਂ ਵਿਧਾਨ ਸਭਾ ਚੋਣਾਂ 'ਚ ਹਰਾਉਣਾ ਜਰੂਰੀ ਹੈ। ਇਹ ਮਹਾਂ-ਪੰਚਾਇਤ ਬੀਜੇਪੀ ਦੀ ਇਸ ਹਾਰ ਦਾ ਮੁੱਢ ਬੰਨੇਗੀ। ਇਸ ਰੈਲੀ ਵਿੱਚ ਪੰਜਾਬੀ ਕਿਸਾਨ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਣਗੇ। ਪਿੰਡਾਂ ਵਿੱਚ ਮੀਟਿੰਗਾਂ ਕਰਕੇ ਇਸ ਰੈਲੀ ਵਿੱਚ ਜਾਣ ਵਾਲੇ ਕਿਸਾਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਇਸ ਰੈਲੀ  ਵਿੱਚ ਜਾਣ ਲਈ ਤਿਆਰੀਆਂ ਖਿੱਚਣ ਦੀ ਅਪੀਲ ਕੀਤੀ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904