ਸਿੱਧੂ ਮੂਸੇਵਾਲਾ ਕਤਲ ਮਾਮਲੇ `ਚ ਨਾਂ ਉਛਾਲੇ ਜਾਣ `ਤੇ ਮਨਕੀਰਤ ਔਲਖ ਹਾਲੇ ਤੱਕ ਮੀਡੀਆ ਤੋਂ ਖਫ਼ਾ ਹਨ। ਹਾਲਾਂਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਕਲੀਨ ਚਿੱਟ ਵੀ ਮਿਲ ਚੁੱਕੀ ਹੈ, ਪਰ ਬਾਵਜੂਦ ਇਸ ਦੇ ਮਨਕੀਰਤ ਔਲਖ ਨਾਰਾਜ਼ਗੀ ਖਤਮ ਕਰਨ ਦੇ ਮੂਡ `ਚ ਨਜ਼ਰ ਨਹੀਂ ਆ ਰਹੇ।
ਔਲਖ ਨੇ ਇੰਸਟਾਗ੍ਰਾਮ `ਚ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਸੋਚ-ਸੋਚ ਕੇ ਚੱਲ ਮਨਾ, ਇੱਥੇ ਪੈਰ ਪੈਰ `ਤੇ ਰੋੜੇ ਨੇ। ਤੈਨੂੰ ਨਿੰਦਣ ਵਾਲੇ ਬਹੁਤੇ ਨੇ, ਤੇ ਸਿਫ਼ਤਾਂ ਵਾਲੇ ਥੋੜ੍ਹੇ ਨੇ।"
ਇਸ ਤੋਂ ਪਹਿਲਾਂ ਵੀ 25 ਜੂਨ ਨੂੰ ਔਲਖ ਨੇ ਸੋਸ਼ਲ ਮੀਡੀਆ `ਤੇ ਲੰਬੀ ਚੌੜੀ ਪੋਸਟ ਪਾ ਕੇ ਮੀਡੀਆ ਨੂੰ ਖਰੀਆਂ ਖਰੀਆਂ ਸੁਣਾਈਆਂ ਸੀ। ਉਨ੍ਹਾਂ ਕਿਹਾ ਸੀ ਕਿ ਹੁਣ ਕਲੀਨ ਚਿੱਟ ਮਿਲ ਗਈ ਤਾਂ ਮੀਡੀਆ ਵਾਲੇ ਮੈਨੂੰ ਚੰਗਾ ਕਹਿਣ ਲੱਗ ਪਏ ਹਨ।
ਇਸ ਦੇ ਨਾਲ ਹੀ ਔਲਖ ਨੇ ਇਹ ਵੀ ਕਿਹਾ ਸੀ ਕਿ, ਪਲੀਜ਼ ਮੇਰੀ ਰਿਕੁਐਸਟ ਆ ਕਿਸੇ ਨੂੰ ਕਿਸੇ ਵੀ ਗੱਲ ਦੀ ਤਹਿ ਤੱਕ ਜਾਏ ਬਿਨਾਂ ਐਵੇਂ ਹੀ ਇਨਵਾਲਵ ਨਾਲ ਕਰ ਦਿਆ ਕਰੋ, ਕਿਉਂਕਿ ਤੁਹਾਡੇ ਲਈ ਉਹ ਇੱਕ ਨਿਊਜ਼ ਹੁੰਦੀ ਆ, ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ `ਚ ਪੈ ਜਾਂਦੀ ਆ।"
ਇਸ ਦੇ ਨਾਲ ਹੀ ਉਸ ਨੇ ਕਿਹਾ, "ਪਤਾ ਨਹੀਂ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਆ ਇਸ ਦੁਨੀਆ ਤੇ, ਜਿਵੇਂ ਮੈਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਪਿਛਲੇ 1 ਸਾਲ ਤੋਂ। ਇੱਕ ਦਿਨ ਆਏ ਆਂ ਤੇ ਇਕ ਦਿਨ ਸਾਰਿਆਂ ਨੇ ਜਾਣਾ ਵੀ ਆ ਦੁਨੀਆ ਤੋਂ। ਜਿਉਂਦੇ ਜੀਅ ਕਿਸੇ ਤੇ ਇੰਨੇਂ ਐਲੀਗੇਸ਼ਨਜ਼ (ਇਲਜ਼ਾਮ) ਨਾ ਲਾਓ ਕਿ ਉਸ ਦੇ ਜਾਨ ਮਗਰੋਂ ਸਫ਼ਾਈਆਂ ਦੇਣੀਆਂ ਔਖੀਆਂ ਹੋਣ। ਪਹਿਲਾਂ ਹੀ ਕਿੰਨੀਆਂ ਮਾਵਾਂ ਦੇ ਪੁੱਤ ਬਿਨਾਂ ਰੀਜ਼ਨ ਤੋਂ ਚਲੇ ਗਏ, ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਇਸ ਕੰਮ ਨੂੰ ਇੱਥੇ ਹੀ ਸਟਾਪ ਕਰ ਦਿਓ, ਤਾਂ ਕਿ ਕਿਸੇ ਹੋਰ ਮਾਂ ਨੂੰ ਇਸ ਦੁੱਖ ਚੋਂ ਲੰਘਣਾ ਨਾ ਪਵੇ।"
ਆਪਣੀ ਪੋਸਟ ਦੇ ਅਖ਼ੀਰ `ਚ ਔਲਖ ਨੇ ਲਿਖਿਆ, "ਵਾਹਿਗੁਰੂ ਮੇਹਰ ਕਰਿਓ।"
ਕਾਬਿਲੇਗ਼ੌਰ ਹੈ ਕਿ ਏਜੀਟੀਵੀ ਚੀਫ਼ ਪ੍ਰਮੋਦ ਬਾਨ ਨੇ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿਤੀ ਸੀ। ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਜਾਂਚ `ਚ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ `ਚ ਮਨਕੀਰਤ ਔਲਖ ਦਾ ਨਾਂ ਸਾਹਮਣੇ ਨਹੀਂ ਆਇਆ।