Global Terrorist Abdul Rehman Makki: ਪਾਕਿਸਤਾਨ ਕ੍ਰਿਕਟ ਬੋਰਡ (PCB) ਤੇ ਪਾਕਿਸਤਾਨੀ ਸਰਕਾਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਸੁਰੱਖਿਆ ਦਾ ਭਰੋਸਾ ਦੇ ਰਹੀ ਹੈ ਤੇ ਦਾਅਵਾ ਕਰ ਰਹੀ ਹੈ ਕਿ ਚੈਂਪੀਅਨਜ਼ ਟਰਾਫੀ ਨੂੰ ਅੱਤਵਾਦੀਆਂ ਤੋਂ ਕੋਈ ਖਤਰਾ ਨਹੀਂ ਹੈ ਏਬੀਪੀ ਨਿਊਜ਼ ਦੁਆਰਾ ਪ੍ਰਾਪਤ ਵਿਸ਼ੇਸ਼ ਵੀਡੀਓ ਨੇ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ।
ਇਸ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ 26/11 ਦੇ ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਭਾਰਤ ਤੇ ਅਮਰੀਕਾ ਦਾ ਬਲੈਕਲਿਸਟ ਮੋਸਟ ਵਾਂਟੇਡ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਲਾਹੌਰ 'ਚ ਖੁੱਲ੍ਹੇਆਮ ਘੁੰਮ ਰਿਹਾ ਹੈ ਤੇ ਭਾਸ਼ਣ ਦੇ ਰਿਹਾ ਹੈ। ਖੁਫੀਆ ਸੂਤਰਾਂ ਮੁਤਾਬਕ, ਮੱਕੀ ਨੇ ਪਿਛਲੇ ਹਫਤੇ ਲਾਹੌਰ ਡਿਵੀਜ਼ਨ ਦੇ ਕਸੂਰ ਜ਼ਿਲੇ 'ਚ ਭਾਸ਼ਣ ਦਿੱਤਾ ਸੀ। ਦੋ ਮਿੰਟ ਚਾਰ ਸੈਕਿੰਡ ਦੀ ਇਸ ਵੀਡੀਓ ਵਿੱਚ ਮੱਕੀ ਦੇ ਕਾਫਲੇ ਦਾ ਫੁੱਲਾਂ ਨਾਲ ਸੁਆਗਤ ਹੁੰਦਾ ਨਜ਼ਰ ਆ ਰਿਹਾ ਹੈ। ਉਸ ਦੇ ਨਾਲ ਲਸ਼ਕਰ-ਏ-ਤੋਇਬਾ ਦੇ ਕਈ ਕਮਾਂਡਰ ਮੌਜੂਦ ਸਨ। ਸਟੇਜ 'ਤੇ ਪਹੁੰਚ ਕੇ ਮੱਕੀ ਨੇ ਕਰੀਬ ਦੋ ਘੰਟੇ ਲੋਕਾਂ ਨੂੰ ਸੰਬੋਧਨ ਕੀਤਾ।
ਸੂਤਰਾਂ ਮੁਤਾਬਕ ਇਹ ਜਗ੍ਹਾ ਲਾਹੌਰ ਦੇ ਗੱਦਾਫੀ ਕ੍ਰਿਕਟ ਸਟੇਡੀਅਮ ਤੋਂ ਸਿਰਫ 1 ਘੰਟੇ 20 ਮਿੰਟ ਦੀ ਦੂਰੀ 'ਤੇ ਹੈ। ਧਿਆਨ ਯੋਗ ਹੈ ਕਿ ਇਹ ਗੱਦਾਫੀ ਸਟੇਡੀਅਮ ਚੈਂਪੀਅਨਜ਼ ਟਰਾਫੀ ਦੇ 7 ਪ੍ਰਸਤਾਵਿਤ ਮੈਚਾਂ ਦਾ ਮੇਜ਼ਬਾਨ ਹੈ ਤੇ ਫਾਈਨਲ ਮੈਚ ਵੀ ਇੱਥੇ ਪੀ.ਸੀ.ਬੀ. ਵੱਲੋਂ ਪ੍ਰਸਤਾਵਿਤ ਕੀਤਾ ਗਿਆ ਹੈ।
ਅਮਰੀਕਾ ਨੇ ਅਬਦੁਲ ਰਹਿਮਾਨ ਮੱਕੀ 'ਤੇ 2 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ ਤੇ ਮੱਕੀ ਹਾਫਿਜ਼ ਸਈਦ ਦਾ ਕਰੀਬੀ ਰਿਸ਼ਤੇਦਾਰ ਵੀ ਹੈ। ਇੰਨਾ ਹੀ ਨਹੀਂ ਮੱਕੀ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਮੱਕੀ 'ਤੇ ਨਾ ਸਿਰਫ 26/11 ਦੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ, ਸਗੋਂ ਉਸ ਹਮਲੇ ਨੂੰ ਫੰਡ ਦੇਣ ਦੇ ਵੀ ਸਬੂਤ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੱਕੀ ਵਰਗਾ ਲਸ਼ਕਰ ਅੱਤਵਾਦੀ ਉਸੇ ਥਾਂ ਦੇ ਨੇੜੇ ਸਰਗਰਮ ਹੈ ਜਿੱਥੇ ਚੈਂਪੀਅਨਜ਼ ਟਰਾਫੀ ਦੀ ਯੋਜਨਾ ਬਣਾਈ ਜਾ ਰਹੀ ਹੈ।
ਦੱਸ ਦਈਏ ਕਿ ਸਾਲ 2009 'ਚ ਲਾਹੌਰ ਦੇ ਗੱਦਾਫੀ ਸਟੇਡੀਅਮ ਨੇੜੇ ਸ਼੍ਰੀਲੰਕਾ ਦੀ ਕ੍ਰਿਕਟ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਸੀ। ਉਸ ਹਮਲੇ ਵਿੱਚ ਛੇ ਸ੍ਰੀਲੰਕਾ ਦੇ ਖਿਡਾਰੀ ਜ਼ਖ਼ਮੀ ਹੋ ਗਏ ਸਨ ਤੇ ਛੇ ਪਾਕਿਸਤਾਨੀ ਪੁਲੀਸ ਵਾਲੇ ਮਾਰੇ ਗਏ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਮੱਕੀ ਦਾ ਲਾਹੌਰ 'ਚ ਸਰਗਰਮ ਹੋਣਾ ਭਾਰਤੀ ਟੀਮ ਲਈ ਵੱਡਾ ਖਤਰਾ ਬਣ ਸਕਦਾ ਹੈ, ਖਾਸ ਕਰਕੇ ਜੇਕਰ ਟੀਮ ਚੈਂਪੀਅਨਜ਼ ਟਰਾਫੀ ਖੇਡਣ ਲਈ ਪਾਕਿਸਤਾਨ ਜਾਂਦੀ ਹੈ।