ਚੰਡੀਗੜ੍ਹ: ਕੈਪਟਨ ਸਰਕਾਰ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੰਚ ਤੋਂ ਨਸ਼ਾ ਤਸਕਰਾਂ ਤੇ ਪੁਲਿਸ ਦੀ ਮਿਲੀਭੁਗਤ ਬਾਰੇ ਆਪਣੀ ਆਵਾਜ਼ ਬੁਲੰਦ ਕਰਦਿਆਂ ਸਮਾਗਮ ਦਾ ਬਾਈਕਾਟ ਕਰਨ ਵਾਲੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਨੇ ਵੱਡੀ ਸਜ਼ਾ ਦਿੱਤੀ ਹੈ। ਜ਼ੀਰਾ ਇਸ ਸਮੇਂ ਕਾਂਗਰਸ ਵਿੱਚੋਂ ਮੁਅੱਤਲ ਹਨ। ਫਿਰ ਵੀ ਜ਼ੀਰਾ ਨੇ ਆਪਣੇ ਸਟੈਂਡ ਤੋਂ ਪਿੱਛੇ ਨਾ ਹਟਣ ਦਾ ਇਰਾਦਾ ਬਣਾਇਆ ਹੈ ਤੇ ਕਿਹਾ ਹੈ ਕਿ ਉਹ ਕਾਂਗਰਸ ਹਾਈਕਮਾਨ ਕੋਲ ਆਪਣੀ ਆਵਾਜ਼ ਪਹੁੰਚਾਉਣਗੇ। ਇਸੇ ਸਭ ਦਰਮਿਆਨ ਜ਼ੀਰਾ ਨੇ 'ਏਬੀਪੀ ਸਾਂਝਾ' ਦੇ ਵਿਸ਼ੇਸ਼ ਪ੍ਰੋਗਰਾਮ 'ਮੁੱਕਦੀ ਗੱਲ' ਦੌਰਾਨ ਕਈ ਖੁਲਾਸੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ 'ਤੇ ਵੀ ਗੰਭੀਰ ਦੋਸ਼ ਲਾਏ।

'ਮੁੱਕਦੀ ਗੱਲ' 'ਚ ਕਾਂਗਰਸੀ ਤੋਂ ਮੁਅੱਤਲ ਵਿਧਾਇਕ ਕੁਲਬੀਰ ਜ਼ੀਰਾ ਨੇ ਬੀਤੀ 12 ਜਨਵਰੀ ਨੂੰ ਪੰਚਾਇਤਾਂ ਦੇ ਸਹੁੰ ਚੁੱਕ ਸਮਾਗਮ ਦੇ ਬਾਈਕਾਰ ਦੇ ਕਰਨ ਪਿੱਛੇ ਆਪਣੇ ਕਾਰਨ ਸਪੱਸ਼ਟ ਕੀਤੇ। ਜ਼ੀਰਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਨ੍ਹਾਂ ਦਾ ਮਨ ਨਹੀਂ ਸੀ ਕਿ ਸਟੇਜ 'ਤੇ ਇਵੇਂ ਦੀ ਗੱਲ ਕੀਤੀ ਜਾਵੇ, ਪਰ IG ਛੀਨਾ ਨੇ ਸਟੇਜ 'ਤੇ ਬੋਲਣ ਲਈ ਧੱਕੇ ਨਾਲ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਛੀਨਾ ਨੇ ਆਮ ਲੋਕਾਂ ਨੂੰ ਨਸ਼ੇ ਖਿਲਾਫ ਸਹੁੰ ਖਾਣ ਲਈ ਕਿਹਾ, ਪਰ ਇਹੋ ਜਿਹੇ ਭ੍ਰਿਸ਼ਟ ਅਫ਼ਸਰ ਨੂੰ ਸਟੇਜ ਤੋਂ ਨਹੀਂ ਬੋਲਣਾ ਚਾਹੀਦਾ ਸੀ। ਜ਼ੀਰਾ ਨੇ ਕਿਹਾ ਕਿ ਜੇ ਛੀਨਾ ਨੇ ਆਪਣੀਆਂ ਭਾਵਨਾਵਾਂ ਰੱਖੀਆਂ ਤਾਂ ਮੈਂ ਆਪਣੇ ਮਨ ਦੇ ਵਲਵਲੇ ਲੋਕਾਂ ਸਾਹਮਣੇ ਰੱਖ ਦਿੱਤੇ।

ਜ਼ੀਰਾ ਨੇ ਕਿਹਾ ਕਿ ਮੈਂ ਮੁਖਵਿੰਦਰ ਛੀਨਾ ਦਾ ਚਿੱਠਾ ਸਟੇਜ ਤੋਂ ਖੋਲ੍ਹਿਆ ਕਿਉਂਕਿ ਮੈਂ ਛੀਨਾ ਵਰਗਿਆਂ ਨਾਲ ਸਟੇਜ ਸਾਂਝੀ ਨਹੀਂ ਕਰ ਸਕਦਾ ਤੇ ਛੀਨਾ ਦਾ ਬਾਈਕਾਟ ਕਰ ਸਟੇਜ ਤੋਂ ਉੱਤਰਿਆ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਛੀਨਾ ਨੂੰ ਸਲਾਖਾਂ ਪਿੱਛੇ ਭੇਜਣ ਤਕ ਜਾਰੀ ਰਹੇਗੀ। ਜ਼ੀਰਾ ਨੇ ਕਿਹਾ ਕਿ ਅਜਿਹਾ ਕਰਕੇ ਉਹ ਕੈਪਟਨ ਦੀ ਨਸ਼ਾ ਮੁਕਤ ਪੰਜਾਬ ਸੋਚ ਨੂੰ ਅੱਗੇ ਵਧਾ ਰਿਹਾ ਹਾਂ ਨਾ ਕਿ ਛੀਨਾ ਨਾਲ ਕੋਈ ਨਿੱਜੀ ਰੰਜਿਸ਼ ਪੁਗਾ ਰਿਹਾ ਹਾਂ।

ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਵਿੱਚੋਂ 60 ਫ਼ੀਸਦ ਨਸ਼ਾ ਖ਼ਤਮ ਹੋ ਚੁੱਕਾ ਹੈ ਤੇ ਜਿਹੜਾ ਬਾਕੀ ਦਾ 40 ਫ਼ੀਸਦ ਨਸ਼ਾ ਉਹ ਅਜਿਹੇ ਭ੍ਰਿਸ਼ਟ ਅਫ਼ਸਰਾਂ ਕਰਕੇ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਪੁਲਿਸ ਸ਼ਰਾਬ ਤੇ ਡਰੱਗ ਮਾਫੀਆ ਨਾਲ ਰਲੀ ਹੋਈ ਹੈ ਤੇ ਜਦੋਂ ਛੀਨਾ ਫ਼ਿਰੋਜ਼ਪੁਰ ਨਿਯੁਕਤ ਹੋਇਆ ਤਾਂ ਕਰਤੂਤਾਂ ਸਾਹਮਣੇ ਆਈਆਂ। ਜ਼ੀਰਾ ਨੇ ਸਵਾਲ ਕੀਤਾ ਕਿ ਛੀਨਾ ਨੇ ਆਪਣੇ ਬੇਟੇ ਦੇ ਵਿਆਹ 'ਚ ਦੋ ਕਰੋੜ ਲਗਾਏ, ਉਹ ਕਿੱਥੋਂ ਆਏ ? ਛੀਨਾ 'ਤੇ ਕੇਸ ਦਰਜ ਹੋਣਾ ਚਾਹੀਦਾ ਹੈ।

ਜ਼ੀਰਾ ਤੋਂ ਵਿਧਾਇਕ ਨੇ ਆਪਣੇ ਨਜ਼ਦੀਕੀ ਰਹਿ ਚੁੱਕੇ ਕਤਲ ਕੇਸ 'ਚ ਲੋੜੀਂਦੇ ਨੀਰਜ ਸ਼ਰਮਾ ਦੀ ਗ੍ਰਿਫ਼ਤਾਰੀ ਮਗਰੋਂ ਬਚਾਅ ਕਰਦਿਆਂ ਕਿਹਾ ਕਿ IG ਸਾਬ ਨੇ ਭਗੌੜੇ ਨਰੇਸ਼ ਨੂੰ ਪਹਿਲਾਂ ਕਿਉਂ ਨਹੀਂ ਫੜਿਆ। ਨੀਰਜ ਦਾ ਨਾਂ ਧੱਕੇ ਨਾਲ ਕਤਲ ਕੇਸ 'ਚ ਪਾਇਆ ਗਿਆ ਜਦਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਭਗੌੜਾ ਹੈ। ਉਨ੍ਹਾਂ ਕਿਹਾ ਕਿ ਜੇ ਨਰੇਸ਼ ਦੋਸ਼ੀ ਹੈ, ਤਾਂ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ। ਕੁਲਬੀਰ ਜ਼ੀਰਾ ਨੇ ਆਪਣੀ ਸਰਕਾਰ 'ਤੇ ਪੂਰਾ ਵਿਸ਼ਵਾਸ ਜਤਾਇਆ ਤੇ ਵਿਜੀਲੈਂਸ ਦੀ ਜਾਂਚ ਦੀ ਮੰਗ ਕੀਤੀ ਪਰ ਇਸ ਮਗਰੋਂ ਕਾਂਗਰਸ ਨੇ ਜ਼ੀਰਾ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ।