ਨਵੀਂ ਦਿੱਲੀ: ਕਿਸਾਨਾਂ ਦੇ ਮੁੱਦੇ ਉੱਪਰ ਬੁਰੀ ਤਰ੍ਹਾਂ ਘਿਰੀ ਮੋਦੀ ਸਰਕਾਰ ਅੱਜ ਵੱਡਾ ਐਲਾਨ ਕਰ ਸਕਦੀ ਹੈ। ਪੂਰੀ ਦੁਨੀਆ ਵਿੱਚ ਹੋ ਰਹੀ ਅਲੋਚਨਾ ਤੋਂ ਧਿਆਨ ਲਾਂਭੇ ਕਰਨ ਲਈ ਹੁਣ ਮੋਦੀ ਸਰਕਾਰ ਬੇਰੁਜ਼ਗਾਰਾਂ ਲਈ ਵੱਡੀ ਸਕੀਮ ਲਿਆ ਸਕਦੀ ਹੈ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਅੱਜ ਹੋ ਰਹੀ ਕੈਬਨਿਟ ਮੀਟਿੰਗ ਵਿੱਚ ਨਵੀਂ ਰੁਜ਼ਗਾਰ ਯੋਜਨਾ ਉੱਪਰ ਮੋਹਰ ਲਾਈ ਜਾ ਸਕਦੀ ਹੈ।


ਪਤਾ ਲੱਗਾ ਹੈ ਕਿ ਕੈਬਨਿਟ ਬੈਠਕ 'ਚ ਮੋਦੀ ਸਰਕਾਰ ਕਿਸਾਨਾਂ ਦੇ ਮੁੱਦੇ 'ਤੇ ਵੀ ਫੈਸਲਾ ਲੈ ਸਕਦੀ ਹੈ। ਇਸ ਦੇ ਨਾਲ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਸਰਕਾਰ ਕਦਮ ਚੁੱਕ ਸਕਦੀ ਹੈ। ਇਸ ਲਈ ਮੋਦੀ ਸਰਕਾਰ ਕੈਬਨਿਟ ਬੈਠਕ 'ਚ ਰੁਜ਼ਗਾਰ ਸਕੀਮ 'ਤੇ ਮੋਹਰ ਲਾ ਸਕਦੀ ਹੈ।


ਦੱਸ ਦਈਏ ਕਿ ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਰੁਜ਼ਗਾਰ ਦੀ ਨਵੀਂ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ। ਇਸ ਯੋਜਨਾ ਦਾ ਨਾਮ ਸਵੈ-ਨਿਰਭਰ ਭਾਰਤ ਰੁਜ਼ਗਾਰ ਯੋਜਨਾ ਹੋਵੇਗਾ। ਇਸ ਤਹਿਤ ਸਰਕਾਰ ਨਵੀਆਂ ਨੌਕਰੀਆਂ ਲਈ ਕੁਝ ਢਿੱਲ ਦੇ ਸਕਦੀ ਹੈ ਤਾਂ ਜੋ ਕੰਪਨੀਆਂ ਵਧੇਰੇ ਲੋਕਾਂ ਨੂੰ ਰੁਜ਼ਗਾਰ ਦੇ ਸਕਣ। ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਯੋਜਨਾ 'ਤੇ ਮੰਤਰੀ ਮੰਡਲ ਵੱਲੋਂ ਮੋਹਰ ਲੱਗ ਸਕਦੀ ਹੈ।




ਇਹ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਕਾਲ ਵਿੱਚ ਲੌਕਡਾਊਨ ਕਾਰਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਲੋਕਾਂ ਦੀ ਆਮਦਨੀ ਵੀ ਘੱਟ ਗਈ ਹੈ। ਕੋਰੋਨਾ ਅਵਧੀ ਦੌਰਾਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਨੂੰ ਧਿਆਨ 'ਚ ਰੱਖਦਿਆਂ, ਮੋਦੀ ਸਰਕਾਰ ਨਵੀਂ ਰੁਜ਼ਗਾਰ ਯੋਜਨਾ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਹ ਕਿਰਤ ਮੰਤਰਾਲੇ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਹੈ।


ਕਾਬਲੇਗੌਰ ਹੈ ਕਿ ਭਾਰਤ 'ਚ ਬੇਰੁਜ਼ਗਾਰੀ ਮੁੱਢ ਤੋਂ ਹੀ ਇੱਕ ਜ਼ਰੂਰੀ ਮੁੱਦਾ ਰਿਹਾ ਹੈ। ਇਸ ਮੁੱਦੇ ਨੂੰ ਚੋਣਾਂ ਦੌਰਾਨ ਵੀ ਕਾਫੀ ਵਰਤਿਆ ਜਾਂਦਾ ਹੈ। ਬੇਰੁਜ਼ਗਾਰਾਂ, ਰਾਜਨੀਤਕ ਪਾਰਟੀਆਂ ਵੱਲੋਂ ਸਰਕਾਰ ਖਿਲਾਫ ਲਗਾਤਾਰ ਰੁਜ਼ਗਾਰ ਦਾ ਮੁੱਦਾ ਉਠਾਇਆ ਜਾਂਦਾ ਰਿਹਾ ਹੈ। ਉਥੇ ਹੀ ਕੋਰੋਨਾ ਕਾਲ 'ਚ ਬਹੁਤ ਸਾਰੇ ਲੋਕਾਂ ਦਾ ਕੰਮ ਰੁਕ ਗਿਆ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ।