ਨਵੀਂ ਦਿੱਲੀ: ਦੇਸ਼ ਤੇ ਦੁਨੀਆ ਦਾ ਹਰ ਕੋਈ ਕੋਰੋਨਾਵਾਇਰਸ ਮਹਾਮਾਰੀ ਨੂੰ ਹਰਾਉਣ ਵਿੱਚ ਰੁੱਝਿਆ ਹੋਇਆ ਹੈ। ਦੇਸ਼ ਦੀਆਂ ਨਾਮਵਰ ਹਸਤੀਆਂ ਨੇ ਇਸ ਨਾਲ ਲੜਨ ਲਈ ਆਪਣੇ ਪੱਧਰ 'ਤੇ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਕੇਅਰਸ ਫੰਡ ‘ਚ ਲੋਕ ਦਾਨ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਹਨ ਜੋ ਦਿਨ ਰਾਤ ਸਖ਼ਤ ਮਿਹਨਤ ਕਰਕੇ ਸੈਨੇਟਾਈਜ਼ੇਸ਼ਨ ਮਸ਼ੀਨਾਂ ਤੇ ਵੈਂਟੀਲੇਟਰ ਬਣਾ ਕੇ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।


ਕੋਰੋਨਾਵਾਇਰਸ ਦੇ ਫੈਲਣ ਵਿਚਾਲੇ ਗੁਜਰਾਤ ਦੇ ਰਾਜਕੋਟ ਸਥਿਤ ਇੱਕ ਕੰਪਨੀ ਸੀਐਨਸੀ ਨੇ ਵੈਂਟੀਲੇਟਰ ਦੀ ਸਫਲਤਾਪੂਰਵਕ ਜਾਂਚ ਕੀਤੀ ਹੈ। ਉਨ੍ਹਾਂ ਨੇ ਇਸ ਵੈਂਟੀਲੇਟਰ ਨੂੰ ਧਮਕ-1 ਦਾ ਨਾਂ ਦਿੱਤਾ ਹੈ। ਕੰਪਨੀ ਗੁਜਰਾਤ ਸਰਕਾਰ ਨੂੰ 1000 ਵੈਂਟੀਲੇਟਰ ਮੁਹੱਈਆ ਕਰਵਾਏਗੀ। ਇੱਕ ਵੈਂਟੀਲੇਟਰ ਦੀ ਕੀਮਤ ਲਗਪਗ ਇੱਕ ਲੱਖ ਰੁਪਏ ਹੈ।

ਪੁਣੇ ਦੇ ਆਦਮੀ ਨੇ ਬਣਾਈ ਸੈਨੇਟਾਈਜ ਮਸ਼ੀਨ: ਮਹਾਰਾਸ਼ਟਰ ਦੇ ਪੁਣੇ ‘ਚ ਪੈਡਕੇਅਰ ਲੈਬ ਨੇ ਕੋਰੋਨਾਵਾਇਰਸ ਦੇ ਸੰਕਰਮਣ ਨੂੰ ਖ਼ਤਮ ਕਰਨ ਲਈ ਸੈਨੇਟਾਈਜ ਮਸ਼ੀਨ ਤਿਆਰ ਕੀਤੀ ਹੈ। ਇਹ ਮਸ਼ੀਨ 15 ਮਿੰਟਾਂ ‘ਚ 80 ਵਰਗ ਫੁੱਟ ਦੇ ਖੇਤਰ ‘ਚ ਫੈਲਣ ਵਾਲੇ ਸੰਕਰਮਣ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗੀ। ਇਹ ਮਸ਼ੀਨ ਅਜਿੰਕਿਆ ਧਾਰਿਆ ਨਾਂ ਦੇ ਇੱਕ ਨੌਜਵਾਨ ਨੇ ਬਣਾਈ ਹੈ। ਉਸ ਦਾ ਕਹਿੰਦਾ ਹੈ ਕਿ ਅਗਲੇ ਹਫਤੇ ਇਸ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਲਾਇਆ ਜਾਵੇਗਾ।

48 ਘੰਟਿਆਂ ‘ਚ ਬਣੀ ਮਸ਼ੀਨ: ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲੇ ‘ਚ ਰਹਿਣ ਵਾਲੇ 62 ਸਾਲਾ ਨਾਹਰੂ ਖ਼ਾਨ ਨੇ ਵੀ ਸੈਨੇਟਾਈਜ ਮਸ਼ੀਨ ਬਣਾਈ ਹੈ। ਖ਼ਾਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਹ ਮਸ਼ੀਨ ਯੂ-ਟਿਊਬ ਨੂੰ ਵੇਖ ਕੇ ਬਣਾਈ ਹੈ ਤੇ ਇਸ ਨੂੰ ਬਣਾਉਣ ‘ਚ ਸਿਰਫ 48 ਘੰਟੇ ਲੱਗੇ।