ਸ੍ਰੀਨਗਰ: ਕੋਰੋਨਾ ਵਾਇਰਸ ਕਾਰਨ ਦੇਸ਼ ਵਿਆਪੀ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਵਿਸ਼ੇਸ਼ ਤੌਰ 'ਤੇ ਕਾਮੇ ਆਪੋ ਆਪਣੇ ਪਿੱਤਰੀ ਰਾਜਾਂ ਤੋਂ ਦੂਰ ਫਸੇ ਹੋਏ ਹਨ, ਜੋ ਬੇਹੱਦ ਦੁਖੀ ਹਨ। ਅਜਿਹਾ ਹੀ ਪੰਜਾਬ ਦਾ ਵਸਨੀਕ ਸਿੱਖ ਸੀ, ਜਿਸ ਦੀ ਮੌਤ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਗੰਦਰਬਲ ਵਿੱਚ ਹੋ ਗਈ ਸੀ। ਮ੍ਰਿਤਕ ਦੀ ਦੇਹ ਉਸ ਦੇ ਪਿੰਡ ਪਹੁੰਚਣ ਵਿੱਚ ਮੁਸ਼ਕਲ ਹੁੰਦੀ ਦੇਖ ਸਥਾਨਕ ਮੁਸਲਮਾਨਾਂ ਨੇ ਉਸ ਦੀਆਂ ਅੰਤਮ ਰਸਮਾਂ ਨਿਭਾਈਆਂ।

ਅਧਿਕਾਰੀਆਂ ਨੇ ਦੱਸਿਆ ਕਿ ਗੰਦਰਬਲ ਦੇ ਵਾਕੁਰਾ ਖੇਤਰ ਵਿੱਚ ਲੱਕੜ ਦਾ ਕੰਮ ਕਰਨ ਵਾਲੇ ਪੰਜਾਬ ਵਾਸੀ ਰਣਵੀਰ ਸਿੰਘ ਦੀ ਮੌਤ ਕੁਝ ਦਿਨ ਪਹਿਲਾਂ ਹੋ ਗਈ ਸੀ। ਉਹ ਨੇੜਲੇ ਪਿੰਡ ਵਿੱਚ ਆਪਣੇ ਕੁਝ ਸਾਥੀਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਸਥਾਨਕ ਵਾਸੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਉਸ ਦੇ ਅੰਤਿਮ ਸੰਸਕਾਰ ਲਈ ਪ੍ਰਬੰਧ ਕੀਤੇ। ਸਥਾਨਕ ਵਾਸੀ ਅਬਦੁਲ ਰਹਿਮਾਨ ਨੇ ਕਿਹਾ, ‘‘ਗੁਆਂਢੀਆਂ ਦੀ ਮਦਦ ਕਰਨਾ ਸਾਡਾ ਫ਼ਰਜ਼ ਹੈ ਭਾਵੇਂ ਉਨ੍ਹਾਂ ਦਾ ਕੋਈ ਵੀ ਧਰਮ ਹੋਵੇ।’’

ਵਾਕੁਰਾ ਦੇ ਤਹਿਸੀਲਦਾਰ ਗੁਲਾਮ ਮੁਹੰਮਦ ਭੱਟ ਨੇ ਦੱਸਿਆ ਕਿ ਰਣਵੀਰ ਸਿੰਘ ਦਾ ਸਸਕਾਰ ਸਿਵਲ ਅਤੇ ਪੁਲੀਸ ਪ੍ਰਸਾਸ਼ਨ ਦੀ ਮੌਜੂਦਗੀ ਵਿੱਚ ਸਥਾਨਕ ਵਾਸੀਆਂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਥਾਨਕ ਮੁਸਲਮਾਨਾਂ ਨੇ ਮ੍ਰਿਤਕ ਦੇ ਸਸਕਾਰ ਲਈ ਪੂਰਾ ਸਹਿਯੋਗ ਦਿੱਤਾ ਅਤੇ ਪ੍ਰਬੰਧ ਕੀਤੇ। ਇੱਥੋਂ ਤੱਕ ਕਿ ਸਸਕਾਰ ਦਾ ਖ਼ਰਚਾ ਵੀ ਝੱਲਿਆ ਅਤੇ ਰਣਵੀਰ ਸਿੰਘ ਦੀ ਪਤਨੀ ਦੇ ਖਾਤੇ ਵਿੱਚ ਕੁਝ ਪੈਸੇ ਵੀ ਜਮ੍ਹਾਂ ਕਰਵਾਏ।

ਇਹ ਵੀ ਪੜ੍ਹੋ: ਸੱਚ ਨਿਕਲਿਆ ਅਮਰੀਕਾ ਦਾ ਦਾਅਵਾ, ਚੀਨ ਨੇ ਨਸ਼ਟ ਕੀਤੇ ਕੋਰੋਨਾਵਾਇਰਸ ਦੇ ਸ਼ੁਰੂਆਤੀ ਸੈਂਪਲ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਪੰਜਾਬ ਵਿੱਚ ਸਿੱਖਾਂ ਨੇ ਕਸ਼ਮੀਰੀ ਮੁਸਲਮਾਨਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਸੀ। ਇਸ ਮਗਰੋਂ ਹੁਣ ਮੁਸਲਮਾਨਾਂ ਨੇ ਵੀ ਆਪਣਾ ਬਣਦਾ ਫਰਜ਼ ਅਦਾ ਕਰਕ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ