ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 336 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ 'ਚ 5 ਸਤੰਬਰ ਨੂੰ ਮੁਜ਼ੱਫਰਨਗਰ 'ਚ ਹੋਣ ਵਾਲੀ ਮਹਾਂ-ਪੰਚਾਇਤ ਵਿੱਚ ਸ਼ਮੂਲੀਅਤ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਆਗੂਆਂ ਨੇ ਕਿਹਾ ਕਿ ਮੁਜ਼ੱਫਰਨਗਰ ਰੈਲੀ ਦੀ ਇਤਿਹਾਸਕ ਮਹੱਤਤਾ ਹੈ ਕਿਉਂਕਿ ਇਹ ਰੈਲੀ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਉਪਰ ਬਹੁਤ ਨਿਰਨਾਇਕ ਅਸਰ ਪਾਉਣ ਦੀ ਸੰਭਾਵਨਾ ਰੱਖਦੀ ਹੈ। ਰੈਲੀ ਲਈ ਲਾਮਬੰਦੀ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। 


 


ਬੁਲਾਰਿਆਂ ਨੇ ਰੈਲੀ ਲਈ ਜਾਣ ਦੇ ਇੱਛੁਕਾਂ ਨੂੰ ਆਪਣੇ ਨਾਂਅ ਦਰਜ ਕਰਵਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਜ਼ਰੂਰਤ ਅਨੁਸਾਰ ਆਵਾਜਾਈ ਦੇ ਇੰਤਜਾਮ ਕੀਤੇ ਜਾ ਸਕਣ। ਨਾਂਅ ਲਿਖਵਾਉਣ ਲਈ ਧਰਨਾਕਾਰੀਆਂ 'ਚ ਬਹੁਤ ਉਤਸ਼ਾਹ ਪਾਇਆ ਗਿਆ। ਅੱਜ ਪੀਐਸਪੀਸੀਐਲ ਦੇ ਸਾਬਕਾ ਇੰਜੀਨੀਅਰ ਸੁਖਚੈਨ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕਰ ਕੇ ਅਤੇ ਮੋਰਚੇ ਦੀ ਆਰਥਿਕ ਸਹਾਇਤਾ ਦੇ ਕੇ ਕਿਸਾਨ ਅੰਦੋਲਨ ਨਾਲ ਸਾਂਝ ਪਾਈ।


 


ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਡਰਾਉਣ ਦੀ ਕੋਝੀ ਮਨਸ਼ਾ ਨਾਲ ਕੀਤੇ ਗਏ ਵਹਿਸ਼ੀ ਲਾਠੀਚਾਰਜ ਸਰਕਾਰ ਨੂੰ ਪੁੱਠਾ ਪੈਣ ਲੱਗਿਆ ਹੈ। ਇਸ ਸਰਕਾਰੀ ਜਬਰ ਵਿਰੁੱਧ ਰੋਹ ਪੂਰੇ ਦੇਸ਼ ਵਿੱਚ ਫੈਲ ਗਿਆ ਹੈ ਅਤੇ ਦਰਜਨਾਂ ਸੂਬਿਆਂ ਦੇ ਮੁੱਖਮੰਤਰੀਆਂ ਨੇ ਇਸ ਅਣਮਨੁੱਖੀ ਬਰਬਰਤਾ ਦੀ ਨਿਖੇਧੀ ਕੀਤੀ ਹੈ। ਪੰਜਾਬ ਤੇ ਹਰਿਆਣਾ 'ਚ ਬੀਜੇਪੀ ਨੇਤਾਵਾਂ ਦੇ ਆਏ ਦਿਨ ਹੁੰਦੇ ਘਿਰਾਉ ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਹ ਸੁਲੱਖਣਾ ਵਰਤਾਰਾ ਹੁਣ ਯੂਪੀ ਵਿੱਚ ਵੀ ਫੈਲਣ ਲੱਗਾ ਹੈ। ਉਥੇ ਵੀ ਸੱਤਾਧਾਰੀ ਪਾਰਟੀ ਨੂੰ ਕਿਸਾਨ ਅੰਦੋਲਨ ਦਾ ਸੇਕ ਮਹਿਸੂਸ ਹੋਣ ਲੱਗਾ ਹੈ। 


 


ਕੱਲ੍ਹ ਕਿਸਾਨਾਂ ਨੇ ਖਤੌਲੀ ਹਲਕੇ ਤੋਂ ਬੀਜੇਪੀ ਐਮਐਲਏ ਵਿਕਰਮ ਸਿੰਘ ਸੈਣੀ ਦਾ ਮੀਰਾਪੁਰ ਦਲਪਤ ਪਹੁੰਚਣ 'ਤੇ ਘਿਰਾਉ ਕੀਤਾ ਅਤੇ ਕਾਲੇ ਝੰਡੇ ਦਿਖਾਏ ਗਏ। ਦੂਸਰੇ ਸੂਬਿਆਂ ਵਿਚੋਂ ਵੀ ਬੀਜੇਪੀ ਨੇਤਾਵਾਂ ਦੇ ਘਿਰਾਉ ਦੀਆਂ ਖਬਰਾਂ ਮਿਲ ਰਹੀਆਂ ਹਨ।