ਇਸਲਾਮਾਬਾਦ: ਪਾਕਿਸਤਾਨ ਦੇ ਨਨਕਾਣਾ ਸਾਹਿਬ 'ਚ ਹਿੰਸਾ ਦੀ ਧਮਕੀ ਦੇਣ ਵਾਲੇ ਸ਼ਖ਼ਸ ਇਮਰਾਨ ਚਿਸ਼ਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਨਨਕਾਣਾ ਸਾਹਿਬ 'ਚ ਰਹਿਣ ਵਾਲੇ ਸਿੱਖਾਂ ਨੂੰ ਹਿੰਸਾ ਦੀ ਧਮਕੀ ਦੇ ਰਿਹਾ ਸੀ। ਭਾਰਤ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪਾਕਿਸਤਾਨ 'ਚ ਘੱਟ ਗਿਣਤੀ 'ਤੇ ਹਮਲੇ ਕਰਨ ਦੀ ਧਮਕੀ ਦੇਣ ਵਾਲੇ ਸ਼ਖ਼ਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਚਿਸ਼ਤੀ ਨੇ ਘਰੋਂ ਹੀ ਮਾਫ਼ੀ ਮੰਗੀ ਸੀ, ਪਰ ਭਾਰਤ ਦੇ ਦਬਾਅ 'ਚ ਲਹਿੰਦਾ ਪੰਜਾਬ ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਇਸ ਘਟਨਾ ਦਾ ਮੁੱਖ ਕਾਰਨ ਸਿੱਖ ਲੜਕੀ ਜਗਜੀਤ ਕੌਰ ਦੇ ਅਗਵਾ, ਜਬਰਨ ਧਰਮ ਪਰਿਵਰਤਨ ਤੇ ਵਿਆਹ ਕਰਾਉਣ ਦਾ ਮਾਮਲਾ ਹੈ। ਏਹਸਾਨ ਨੇ ਗੁਰਦੁਆਰੇ ਦੇ ਪੰਥੀ ਭਗਵਾਨ ਸਿੰਘ ਦੀ ਕੁੜੀ ਨੂੰ ਅਗਵਾ ਕਰ ਜਬਰਨ ਨਿਕਾਹ ਕਰ ਉਸ ਦਾ ਆਇਸ਼ਾ ਨਾਂ ਰੱਖ ਦਿੱਤਾ ਸੀ। ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ 3 ਸਤੰਬਰ, 2019 ਨੂੰ ਕੁੜੀ ਨੂੰ ਛੁੱਡਾ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਸੀ। ਏਹਸਾਨ ਦੇ ਭਰਾ ਇਮਰਾਨ ਚਿਸ਼ਤੀ ਨੇ ਇਸੇ ਮਾਮਲੇ ਨੂੰ ਲੈ ਕੇ ਹਾਲ ਹੀ 'ਚ ਗੁਰਦੁਆਰੇ 'ਚ ਹਿੰਸਾ ਕੀਤੀ ਤੇ ਗੁਰਦੁਆਰੇ 'ਤੇ ਪੱਥਰਬਾਜ਼ੀ ਵੀ ਕੀਤੀ। ਇਸ ਬਾਰੇ ਟਵਿੱਟਰ 'ਤੇ ਇੱਕ ਪੋਸਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਫੋਕਲ ਵਿਅਕਤੀ (ਡਿਜੀਟਲ ਮੀਡੀਆ) ਅਜ਼ਹਰ ਮਸ਼ਵਨੀ ਨੇ ਕਿਹਾ ਕਿ ਚਿਸ਼ਤੀ ਨੂੰ ਅੱਤਵਾਦ ਰੋਕੂ ਐਕਟ ਤਹਿਤ ਹਿਰਾਸਤ 'ਚ ਲਿਆ ਗਿਆ ਸੀ, ਜਿਸ ਕਾਰਨ ਉਹ ਜ਼ਮਾਨਤ ਹਾਸਲ ਕਰਨ ਤੋਂ ਪਾਬੰਦ ਹੈ। ਟਵਿੱਟਰ ਪੋਸਟ ਵਿੱਚ ਕਿਹਾ ਗਿਆ, “# ਨਨਕਾਣਾ ਸਾਹਿਬ ਕਾਂਡ ਦੇ ਮੁੱਖ ਦੋਸ਼ੀ ਇਮਰਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ FIR # 6/2020 u/s 295A/290/291/341/506/148/ 149, 6 sound system /7ATA ਧਾਰਾਂ ਤਹਿਤ ਮਾਮਲਾ ਨਨਕਾਣਾ ਥਾਣੇ 'ਚ ਦਰਜ ਕੀਤਾ ਗਿਆ ਹੈ। ਇਮਰਾਨ ਨੇ ਧਮਕੀ ਦਿੱਤੀ ਸੀ ਕਿ ਨਨਕਾਣਾ ਸਾਹਿਬ 'ਚ ਸਿੱਖਾਂ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ। ਇਸ ਨਾਲ ਹੀ ਇਸ ਥਾਂ ਦਾ ਨਾਂ ਬਦਲ ਕੇ ਗੁਲਾਮ--ਮੁਸਤਫਾ ਕਰ ਦਿੱਤਾ ਜਾਵੇਗਾ। ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਸ਼ੁੱਕਰਵਾਰ ਨੂੰ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹੋਏ ਹਮਲੇ ਦੇ ਦੋ ਦਿਨ ਬਾਅਦ ਹੀ ਪੇਸ਼ਾਵਰ 'ਚ ਇਕ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੀ ਬੰਦੂਕਧਾਰੀ ਨੇ ਹੱਤਿਆ ਕਰ ਦਿੱਤੀ। ਉਹ ਸਥਾਨਕ ਪੱਤਰਕਾਰ ਹਰਮੀਤ ਸਿੰਘ ਦੇ ਛੋਟੇ ਭਰਾ ਸਨ। ਇਸ ਤੋਂ ਬਾਅਦ ਪਾਕਿਸਤਾਨ 'ਚ ਸਿੱਖਾਂ ਵਿਚਕਾਰ ਡਰ ਦਾ ਮਾਹੌਲ ਪੈਦਾ ਹੋਇਆ ਹੈ।