ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਕੋਲਡ ਵਾਰ ਚੱਲ ਰਹੀ ਹੈ। ਇਸ ਦਰਮਿਆਨ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੇ ਲੰਚ 'ਤੇ ਬੁਲਾਇਆ ਸੀ। ਸਿਆਸੀ ਗਲਿਆਰਿਆਂ 'ਚ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਮੀਟਿੰਗ 'ਚ ਨਵਜੋਤ ਸਿੱਧੂ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ।
ਇਸ ਮੀਟਿੰਗ 'ਚੋਂ ਦੋਨਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਪਰ ਇੰਝ ਲੱਗ ਰਿਹਾ ਹੈ ਕਿ ਨਵਜੋਤ ਸਿੱਧੂ, ਕੈਪਟਨ ਦੇ ਦਿੱਤੇ ਆਫਰ ਤੋਂ ਖ਼ਾਸ ਖੁਸ਼ ਨਹੀਂ ਹੋਏ। ਮੀਟਿੰਗ ਖਤਮ ਹੁੰਦੀਆਂ ਹੀ ਨਵਜੋਤ ਸਿੱਧੂ ਨੇ ਟਵਿੱਟਰ 'ਤੇ ਇੱਕ ਟਵੀਟ ਕੀਤਾ। ਨਵਜੋਤ ਸਿੱਧੂ ਨੇ ਲਿਖਿਆ, "ਆਜ਼ਾਦ ਰਹੋ ਵਿਚਾਰੋਂ ਸੇ ਲੇਕਿਨ ਬੰਧੇ ਰਹੋ ਸੰਸਕਾਰੋਂ ਸੇ... ਤਾਂਕਿ ਆਸ ਔਰ ਵਿਸ਼ਵਾਸ ਰਹੇ ਕਿਰਦਾਰੋਂ ਪੇ...!!
ਸਿੱਧੂ ਦੇ ਇਸ ਟਵੀਟ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੀਟਿੰਗ 'ਚ ਉਨ੍ਹਾਂ ਨੂੰ ਜੋ ਵੀ ਆਫਰ ਦਿੱਤਾ ਗਿਆ ਉਹ ਉਨ੍ਹਾਂ ਨੂੰ ਨਾ ਮਨਜ਼ੂਰ ਹੈ। ਪਰ ਇਸ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੋਇਆ ਕਿ ਮੀਟਿੰਗ 'ਚ ਕਿਸ ਮੁੱਦੇ 'ਤੇ ਗਲਬਾਤ ਕੀਤੀ ਗਈ।
ਮੀਟਿੰਗ ਤੋਂ ਪਹਿਲਾਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਉਨ੍ਹਾਂ ਦਰਮਿਆਨ ਹੋਣ ਵਾਲੀ ਬੈਠਕ ਵਿੱਚ ਕੀ ਹੋਣ ਵਾਲਾ ਹੈ। ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਵੀ ਆਪਣੇ ਰਾਜਨੀਤਕ ਭਵਿੱਖ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਪੰਜਾਬ ਦਾ ਭਲਾ ਚਾਹੁੰਦੇ ਹਨ, ਉਨ੍ਹਾਂ ਨੂੰ ਕਿਸੇ ਅਹੁਦੇ ਦਾ ਕੋਈ ਲਾਲਚ ਨਹੀਂ, ਉਹ ਸਿਰਫ ਪੰਜਾਬ ਦਾ ਭਲਾ ਚਾਹੁੰਦੇ ਹਨ। ਜੇਕਰ ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਹੁੰਦਾ, ਤਾਂ ਉਹ ਆਪਣੀ 40 ਕਰੋੜ ਸਾਲਾਨਾ ਨੌਕਰੀ ਨਾ ਛੱਡਦੇ ਤੇ ਘਰ ਨਾ ਬੈਠਦੇ। ਉਨ੍ਹਾਂ ਕਿਹਾ ਕਿ ਪੋਸਟ ਸਿੱਧੂ ਲਈ ਕੋਈ ਮਾਇਨੇ ਨਹੀਂ ਰੱਖਦੀ ਪਰ ਉਹ ਅਹੁਦੇ ਤੋਂ ਬਗੈਰ ਵੀ ਪੰਜਾਬ ਦੇ ਲੋਕਾਂ ਦਾ ਭਲਾ ਕਰ ਰਹੇ ਹਨ ਤੇ ਹਮੇਸ਼ਾ ਕਰਨਗੇ।