ਚੰਡੀਗੜ੍ਹ: ਸਾਬਕਾ ਮੰਤਰੀ ਨਵਜੋਤ ਸਿੱਧੂ ਪੂਰੇ ਐਕਸ਼ਨ ਮੋਡ ਵਿੱਚ ਹਨ। ਉਹ ਇਕੱਲੇ-ਇਕੱਲੇ ਵਿਧਾਇਕ ਨੂੰ ਮਿਲ ਰਹੇ ਹਨ। ਨਵਜੋਤ ਸਿੱਧੂ ਸਾਬਕਾ ਐਮਐਲਏ ਅਵਤਾਰ ਹੈਨਰੀ ਦੇ ਘਰ ਮੁਲਾਕਾਤ ਲਈ ਪਹੁੰਚੇ। ਅਵਤਾਰ ਹੈਨਰੀ ਦਾ ਬੇਟਾ ਬਾਵਾ ਹੈਨਰੀ ਮੌਜੂਦਾ ਐਮਐਲਏ ਹੈ। ਇਸ ਦੌਰਾਨ ਐਮਐਲਏ ਪ੍ਰਗਟ ਸਿੰਘ ਤੇ ਐਮਐਲਏ ਸੰਗਤ ਗਿਲੀਆਂ ਵੀ ਮੌਜੂਦ ਸਨ। ਇਸ ਤੋਂ ਬਾਅਦ ਨਵਜੋਤ ਸਿੱਧੂ ਸਾਬਕਾ ਪਾਰਟੀ ਮੁਖੀ ਅਤੇ ਸਾਬਕਾ ਮੰਤਰੀ ਮਹਿੰਦਰ ਕੇਪੀ ਦੀ ਰਿਹਾਇਸ਼ 'ਤੇ ਪਹੁੰਚੇ।


 


ਇਸ ਤੋਂ ਪਹਿਲਾਂ ਸਿੱਧੂ ਖੰਨਾ ਪਹੁੰਚੇ। ਇਸ ਦੌਰਾਨ ਖੰਨਾ ਦੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਨਵਜੋਤ ਸਿੰਘ ਸਿੱਧੂ ਦਾ ਨਿੱਘਾ ਸਵਾਗਤ ਕੀਤਾ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਸਵਰਗਵਾਸੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਭਰਾ ਹਨ। ਕੋਟਲੀ ਨੇ ਕਿਹਾ ਜੋ ਵੀ ਹਾਈਕਮਾਂਡ ਫੈਸਲਾ ਲਵੇਗੀ ਸਾਨੂੰ ਮਨਜ਼ੂਰ ਹੈ। ਇਸ ਮੌਕੇ ਪਾਇਲ ਦੇ ਹਲਕਾ ਵਿਧਾਇਕ ਲਖਵੀਰ ਸਿੰਘ ਵੀ ਹਾਜਰ ਸਨ। 


 


ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਮ ਦਾ ਐਲਾਨ ਹੋਣਾ ਬਾਕੀ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਮੀਟਿੰਗਾਂ ਦਾ ਸਿਲਸਿਲਾ ਭਖਾ ਦਿੱਤਾ ਹੈ। ਉਹ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਕੁਝ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਦੇ ਸੀਨੀਅਰ ਆਗੂ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ। ਉਨ੍ਹਾਂ ਪੰਚਕੂਲਾ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ।


 


ਸ਼ਨੀਵਾਰ ਨੂੰ ਸਿੱਧੂ ਨੂੰ ਮਿਲਣ ਵਾਲਿਆਂ ਵਿੱਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਪਰਗਟ ਸਿੰਘ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਤਿਕਾਰ ਕੌਰ, ਦਰਸ਼ਨ ਸਿੰਘ ਬਰਾੜ ਤੇ ਪ੍ਰੀਤਮ ਸਿੰਘ ਕੋਟਭਾਈ ਆਦਿ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਇੱਥੇ ਦੁਪਹਿਰ ਦਾ ਖਾਣਾ ਵੀ ਖਾਧਾ ਸੀ ਪਰ ਵਿਧਾਇਕ ਪਰਗਟ ਸਿੰਘ ਦੇਰ ਸ਼ਾਮ ਤੱਕ ਇੱਥੇ ਰਹੇ।