ਚੰਡੀਗੜ੍ਹ: ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਕਾਂਗਰਸ ਵੱਲੋਂ ਲਿਆਂਦੇ ਬੇਭਰੋਸਗੀ ਦੇ ਮਤੇ ਵਿਰੁੱਧ ਵੋਟ ਕੇ ਖੱਟੜ ਸਰਕਾਰ ਨੂੰ ਬਚਾਉਣ ਵਾਲੇ ਕੁਝ ਵਿਧਾਇਕ ਨਵੀਂ ਮੁਸੀਬਤ ਵਿੱਚ ਘਿਰ ਗਏ ਹਨ। ਇਹ ਵਿਧਾਇਕ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦੇ ਸੀ ਪਰ ਵਿਧਾਨ ਸਭਾ ਵਿੱਚ ਇਹ ਸਰਕਾਰ ਦੇ ਹੱਕ 'ਚ ਭੁਗਤੇ।
ਇਸ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਇ੍ਹਨਾਂ ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਮੋਰਚੇ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਵਿੱਚ ਚਾਹੇ ਭਾਜਪਾ-ਜੇਜੇਪੀ ਗੱਠਜੋੜ ਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਨਾਕਾਮ ਹੋ ਗਿਆ ਪਰ ਇਸ ਨਾਲ ਇਨ੍ਹਾਂ ਵਿਧਾਇਕਾਂ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਮੋਰਚੇ ਨੇ ਭਾਜਪਾ ਤੇ ਜੇਜੇਪੀ ਦੇ ਵਿਧਾਇਕਾਂ ਸਣੇ ਮਤੇ ਖ਼ਿਲਾਫ਼ ਵੋਟ ਪਾਉਣ ਵਾਲੇ ਹੋਰਨਾਂ ਵਿਧਾਇਕਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਨੇ ਸੂਬੇ ਤੇ ਦੇਸ਼ ਦੀ ਜਨਤਾ ਖਾਤਰ ਵਿਧਾਨ ਸਭਾ ਵਿਚ ਵੋਟ ਮੰਗਿਆ ਸੀ ਪਰ ਵਿਧਾਇਕਾਂ ਨੇ ਕਿਸਾਨਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦਿਆਂ ਪੂੰਜੀਪਤੀਆਂ ਦੇ ਹੱਕ ਵਿੱਚ ਵੋਟ ਦਿੱਤਾ। ਚੜੂਨੀ ਨੇ ਸੂਬੇ ਦੇ ਲੋਕਾਂ ਨੂੰ ਕਿਹਾ ਕਿ ਜਿਹੜੇ ਵਿਧਾਇਕ ਤੁਹਾਡੇ ਨਹੀਂ ਹੋ ਸਕਦੇ ਤਾਂ ਤੁਹਾਨੂੰ ਉਨ੍ਹਾਂ ਦਾ ਹੋਣ ਦੀ ਕੋਈ ਲੋੜ ਨਹੀਂ।
ਉਨ੍ਹਾਂ ਭਾਜਪਾ ਤੇ ਜੇਜੇਪੀ ਦੇ ਵਿਧਾਇਕਾਂ ਦੇ ਪਿੰਡਾਂ ਵਿੱਚ ਦਾਖਲੇ ਬੰਦ ਕਰਕੇ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਖੇਤੀਬਾੜੀ ਭਾਈਚਾਰੇ ਨਾਲ ਜੁੜੀ ਪਾਰਟੀ ਕਹਿਣ ਵਾਲੀ ਜੇਜੇਪੀ ਦਾ ਕਿਸਾਨ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਇਸ ਅੰਦੋਲਨ ਕਰਕੇ ਇਨ੍ਹਾਂ ਵਿਧਾਇਕਾਂ ਦਾ ਸਿਆਸੀ ਭਵਿੱਖ ਖਤਮ ਹੋ ਚੁੱਕਾ ਹੈ।