ਨਵੀਂ ਦਿੱਲੀ: ਇਸ ਵਾਰ ਨਵੇਂ ਸਾਲ 2021 ਦੀ ਆਮਦ ਦਾ ਸੁਆਗਤ ਕਰਨ ਲਈ ਰੱਖੇ ਜਸ਼ਨ ਕੋਰੋਨਾ ਮਹਾਮਾਰੀ ਕਾਰਨ ਫਿੱਕੇ ਰਹਿ ਸਕਦੇ ਹਨ। ਉੱਤਰ ਪ੍ਰਦੇਸ਼, ਗੋਆ, ਮੱਧ ਪ੍ਰਦੇਸ਼, ਰਾਜਸਥਾਨ ਜਿਹੇ ਕੁਝ ਰਾਜਾਂ ’ਚ ਨਵੇਂ ਸਾਲ ਦੇ ਜਸ਼ਨਾਂ ਉੱਤੇ ਪਾਬੰਦੀ ਲਾਉਂਦਿਆਂ ਖ਼ਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਆਤਿਸ਼ਬਾਜ਼ੀ ਉੱਤੇ ਵੀ ਰੋਕ ਲਾਈ ਗਈ ਹੈ। ਪੰਜਾਬ ਸਮੇਤ ਕੁਝ ਰਾਜਾਂ ਵਿੱਚ ਰਾਤ ਦਾ ਕਰਫ਼ਿਊ ਵੀ ਲੱਗਾ ਹੋਇਆ ਹੈ। ਪੰਜਾਬ ’ਚ 1 ਜਨਵਰੀ, 2021 ਤੱਕ ਰਾਤ ਦਾ ਕਰਫ਼ਿਊ ਪਹਿਲਾਂ ਤੋਂ ਲਾਗੂ ਕੀਤਾ ਜਾ ਚੁੱਕਾ ਹੈ।


ਉੱਤਰ ਪ੍ਰਦੇਸ਼ ਸਰਕਾਰ ਨੇ ਕਿਸੇ ਵੀ ਸਮਾਰੋਹ ਦੌਰਾਨ 100 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ’ਤੇ ਰੋਕ ਲਾਈ ਹੈ। ਨਵੇਂ ਸਾਲ ਦੇ ਕਿਸੇ ਵੀ ਪ੍ਰੋਗਰਾਮ ਲਈ ਪੁਲਿਸ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣੀ ਹੋਵੇਗੀ ਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਵੀ ਕਰਨੀ ਹੋਵੇਗੀ। ਖੁੱਲ੍ਹੇ ਥਾਂ ਉੱਤੇ ਕੁੱਲ ਸਮਰੱਥਾ ਦੇ ਲਗਪਗ 40 ਫ਼ੀਸਦੀ ਲੋਕ ਹੀ ਇਕੱਠੇ ਹੋ ਸਕਣਗੇ।




ਉਧਰ ਰਾਜਸਥਾਨ ’ਚ ਸਰਕਾਰ ਨੇ ਤਮਾਕੂਨੋਸ਼ੀ ਤੇ ਆਤਿਸ਼ਬਾਜ਼ੀ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ ਲੋਕਾਂ ਨੂੰ ਦੀਵਾਲੀ ਵਾਂਗ ਘਰਾਂ ਅੰਦਰ ਹੀ ਰਹਿਣ ਲਈ ਆਖਿਆ ਗਿਆ ਹੈ। ਰਾਤ ਦਾ ਕਰਫ਼ਿਊ ਰਹੇਗਾ ਤੇ ਪੁਲਿਸ ਦੀ ਸਖ਼ਤ ਗਸ਼ਤ ਹੋਵੇਗੀ।


ਇੰਗਲੈਂਡ ’ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਗੋਆ ’ਚ ਵੀ ਐਤਕੀਂ ਨਵੇਂ ਸਾਲ ਦੇ ਜਸ਼ਨ ਫਿੱਕੇ ਰਹਿਣਗੇ। ਸੈਲਾਨੀਆਂ ਦੀ ਆਮਦ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਹੈ। ਵਿਦੇਸ਼ੀ ਸੈਲਾਨੀ ਨਾਮਾਤਰ ਹਨ।




ਮਹਾਰਾਸ਼ਟਰ ’ਚ ਪੰਜ ਜਨਵਰੀ ਤੱਕ ਰਾਤੀਂ 11 ਵਜੇ ਤੋਂ ਸਵੇਰੇ ਛੇ ਵਜੇ ਤੱਕ ਰਾਤ ਦਾ ਕਰਫ਼ਿਊ ਲੱਗਾ ਹੈ। ਉੱਧਰ ਕਰਨਾਟਕ ’ਚ 2 ਜਨਵਰੀ ਤੱਕ ਰਾਤੀਂ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ।