ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਭਾਰਤ ਵਰਗੇ ਦੇਸ਼ ਵਿੱਚ, ਜਿੱਥੇ ਸਿਆਸਤਦਾਨਾਂ ਤੇ ਉਨ੍ਹਾਂ ਦੇ ਘੜੱਮ ਚੌਧਰੀਆਂ ਸਿਰ ਚੜ੍ਹੇ ਸੱਤਾ ਤੇ ਤਾਕਤ ਦੇ ਨਸ਼ੇ ਤੋਂ ਤਾਂ ਆਪ ਸਭ ਜਾਣੂੰ ਹੋਵੋਗੇ। ਇਹ ਨਸ਼ਾ ਹੋਰ ਵੀ ਸਿਰ ਚੜ੍ਹ ਬੋਲਦਾ ਹੈ, ਜਿਓਂ-ਜਿਓਂ ਅਹੁਦਾ ਵੱਡਾ ਹੁੰਦਾ ਹੈ ਤੇ ਦੇਸ਼ ਨੂੰ ਚਲਾਉਣ ਵਾਲੇ ਵਿਅਕਤੀਆਂ ਨਾਲ ਸੁਰੱਖਿਆ ਗਾਰਦ ਹੀ ਇੰਨੀ ਹੁੰਦੀ ਹੈ ਕਿ ਆਮ ਬੰਦੇ ਨੂੰ ਉਸ ਦੇ ਨੇੜੇ ਫੜਕਣ ਵੀ ਨਹੀਂ ਦਿੱਤਾ ਜਾਂਦਾ ਪਰ ਦੁਨੀਆ ਵਿੱਚ ਕੁਝ ਅਜਿਹੀਆਂ ਥਾਵਾਂ ਵੀ ਹਨ ਜਿੱਥੇ ਕੁਝ ਹੱਕ ਸਭਨਾਂ ਲਈ ਬਰਾਬਰ ਹਨ।

ਅਜਿਹੀ ਹੀ ਇੱਕ ਖ਼ਬਰ ਹੈ ਜਿਸ 'ਤੇ ਯਕੀਨ ਕਰਨਾ ਬੇਹੱਦ ਮੁਸ਼ਕਲ ਹੈ ਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਤੇ ਦਾਖ਼ਲ ਹੋਣ ਤੋਂ ਰੋਕਿਆ ਗਿਆ ਹੋਵੇ, ਉਹ ਵੀ ਇੱਕ ਕੈਫੇ ਵਿੱਚ ਭੋਜਨ ਕਰਨ ਤੋਂ। ਜੀ ਹਾਂ, ਹਾਲ ਹੀ ਵਿੱਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਕੈਫੇ ਵਿੱਚ ਦਾਖ਼ਲ ਹੋਣ ਸਮੇਂ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ- ਪਹਿਲਾਂ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹੱਥ ਫੜਾਈ AK-47, ਹੁਣ ਕੀਤਾ ਪਰਚਾ ਦਰਜ
ਦਰਅਸਲ, ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਲੌਕਡਾਊਨ ਤੋਂ ਇਲਾਵਾ ਮਾਸਕ ਪਹਿਨਣ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਦੇ ਕਾਇਦੇ ਮੰਨੇ ਜਾ ਰਹੇ ਹਨ। ਇਸੇ ਦੌਰਾਨ ਜਦ ਤਾਲਾਬੰਦੀ ਵਿੱਚ ਢਿੱਲ ਦਿੱਤੀ ਗਈ ਤਾਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਆਪਣੇ ਮੰਗੇਤਰ ਕਲਾਰਕ ਗੇਫੋਰਡ ਨਾਲ ਕਿਤੇ ਬਾਹਰ ਖਾਣਾ ਖਾਣ ਦੀ ਸੋਚੀ। ਉਨ੍ਹਾਂ ਦੇ ਦੇਸ਼ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦਿਆਂ ਰੈਸਟੋਰੈਂਟ-ਕੈਫੇ ਵਗੈਰਾ ਖੋਲ੍ਹਣ ਦੀ ਆਗਿਆ ਹੈ। ਪਰ ਇਸ ਨਿਯਮ ਕਰਕੇ ਪ੍ਰਧਾਨ ਮੰਤਰੀ ਕੈਫੇ ਵਿੱਚ ਦਾਖ਼ਲ ਨਹੀਂ ਹੋ ਸਕੀ।

ਕੈਫੇ ਦੇ ਕਰਮਚਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਹੋਰ ਗਾਹਕਾਂ ਦੇ ਬੈਠਣ ਲਈ ਥਾਂ ਨਹੀਂ। ਇਹ ਸੁਣ ਜਦ ਪ੍ਰਧਾਨ ਮੰਤਰੀ ਤੁਰਨ ਲੱਗੀ ਤਾਂ ਕੈਫੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਕੁਝ ਲੋਕਾਂ ਨੇ ਸਤਿਕਾਰ ਵਜੋਂ ਉਨ੍ਹਾਂ ਨੂੰ ਥਾਂ ਦੇ ਦਿੱਤੀ। ਇਸ ਤਰ੍ਹਾਂ ਜੇਸਿੰਡਾ ਤੇ ਕਲਾਰਕ ਦੀ ਇਕੱਠਿਆਂ ਖਾਣਾ ਖਾਣ ਦੀ ਇੱਛਾ ਪੂਰੀ ਹੋਈ। ਘਟਨਾ ਬਾਅਦ ਕਲਾਰਕ ਨੇ ਸਾਰਾ ਜ਼ਿੰਮਾ ਆਪਣੇ ਸਿਰ ਲੈਂਦਿਆਂ ਕਿਹਾ ਕਿ ਉਨ੍ਹਾਂ ਦੀ ਗ਼ਲਤੀ ਹੈ ਕਿ ਉਨ੍ਹਾਂ ਪਹਿਲਾਂ ਬੁਕਿੰਗ ਨਹੀਂ ਸੀ ਕਰਵਾਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ