ਬਰਨਾਲਾ: ਅੱਜ ਸਵੇਰੇ ਬਰਨਾਲਾ ਦੀ ਤਪਾ ਮੰਡੀ ਨੇੜੇ ਇੱਕ ਪਿੰਡ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਵ ਵਿਆਹੁਤਾ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ। ਜਿਸ ਦਾ ਕਤਲ ਹੋਇਆ, ਉਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਮ੍ਰਿਤਕਾ ਨਵਨੀਤ ਦਾ ਵਿਆਹ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ। ਕਿਸੇ ਨੇ ਮ੍ਰਿਤਕਾ ਦਾ ਬੇਰਹਿਮੀ ਨਾਲ ਗਲ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਹੈ।

ਨਵਨੀਤ ਕੌਰ ਦੀ ਲਾਸ਼ ਉਸ ਦੇ ਕਮਰੇ 'ਚ ਖੂਨ ਨਾਲ ਲਿਬੜੀ ਮਿਲੀ। ਉਸ ਦੇ ਹੱਥਾਂ ਦੀ ਮਹਿੰਦੀ ਵੀ ਅਜੇ ਨਹੀਂ ਉੱਤਰੀ ਸੀ ਜਦੋਂ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਆਪਣੀ ਧੀ ਦੀ ਲਾਸ਼ ਵੇਖਣੀ ਪਈ। ਇਸ ਦੇ ਨਾਲ ਹੀ ਨਵਨੀਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰੇ ਪਰਿਵਾਰ 'ਤੇ ਆਪਣੀ ਧੀ ਦੇ ਕਤਲ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਨਵਨੀਤ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ।

ਉਧਰ, ਮੌਕੇ 'ਤੇ ਪਹੁੰਚੀ ਪੁਲਿਸ ਨੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪਹੁੰਚੇ ਐਸਐਸਪੀ ਨੇ ਦੱਸਿਆ ਕਿ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ 'ਚ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।