ਤਿਰੂਵਨੰਤਪੁਰਮ: ਕੇਰਲ ਵਿੱਚ ਕੋਰੋਨਾ ਤੋਂ ਬਾਅਦ ਹੁਣ ਨਿਪਾਹ ਵਾਇਰਸ ਦਾ ਖਤਰਾ ਪੈਦਾ ਹੋ ਗਿਆ ਹੈ। ਕੋਜ਼ੀਕੋਡ ਤੋਂ ਕੁਝ ਦੂਰੀ 'ਤੇ ਮਾਵੂਰ 'ਚ 12 ਸਾਲਾ ਬੱਚੇ ਦੀ ਨਿਪਾਹ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਸ ਲਈ, ਸਥਾਨਕ ਅਧਿਕਾਰੀਆਂ ਨੇ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਇਸ ਦੇ ਫੈਲਣ ਨੂੰ ਰੋਕਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।


 

ਵਾਇਰਸ ਫੈਲਣ ਦੀ ਕਿਸੇ ਵੀ ਸੰਭਾਵਨਾ ਦੇ ਮੱਦੇਨਜ਼ਰ, ਕੋਜ਼ੀਕੋਡ ਵਿੱਚ ਇੱਕ ਵਿਸ਼ੇਸ਼ ਨਿਪਾਹ ਵਾਰਡ ਸ਼ੁਰੂ ਕੀਤਾ ਗਿਆ ਹੈ। ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਹੋਰ ਯੋਜਨਾਵਾਂ ਬਾਰੇ ਫੈਸਲਾ ਮੰਤਰੀਆਂ ਤੇ ਸਿਹਤ ਮਾਹਿਰਾਂ ਨਾਲ ਪ੍ਰਸਤਾਵਿਤ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।

 

ਇਸ ਦੇ ਨਾਲ ਹੀ, ਕੁੱਲ 188 ਅਜਿਹੇ ਲੋਕਾਂ ਨੂੰ ਕੌਂਟੈਕਟ ਟ੍ਰੇਸਿੰਗ ਦੁਆਰਾ ਪਛਾਣਿਆ ਗਿਆ ਹੈ, ਜੋ ਮਾਰੇ ਗਏ ਬੱਚੇ ਦੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਵਿੱਚੋਂ 20 ਨੂੰ ਵਧੇਰੇ ਖ਼ਤਰਾ ਸਮਝਦਿਆਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਵਿੱਚ ਨਿਪਾਹ ਦੇ ਲੱਛਣ ਪਾਏ ਗਏ ਹਨ। ਇਸ ਦੇ ਨਾਲ ਹੀ, 168 ਨੂੰ ਘਰ ਵਿੱਚ ਅਲੱਗ-ਥਲੱਗ (ਹੋਮ ਆਈਸੋਲੇਸ਼ਨ) ਕਰ ਦਿੱਤਾ ਗਿਆ ਹੈ।

 

ਨਿਪਾਹ ਵਾਇਰਸ ਦੇ ਲੱਛਣ 20 ਲੋਕਾਂ ਵਿੱਚ ਪਾਏ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੇਰਲ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਨਿਪਾਹ ਵਾਇਰਸ ਤੋਂ ਪੀੜਤ ਦੋ ਜਣੇ ਸਿਹਤ ਕਰਮਚਾਰੀ ਵੀ ਹਨ। ਉਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦਾ ਹੈ ਜਦੋਂਕਿ ਦੂਜਾ ਕੋਜ਼ੀਕੋਡ ਮੈਡੀਕਲ ਕਾਲਜ ਕਮ ਹਸਪਤਾਲ ਦਾ ਕਰਮਚਾਰੀ ਹੈ।

 

ਕੋਜ਼ੀਕੋਡ ਜ਼ਿਲ੍ਹੇ ਵਿੱਚ 12 ਸਾਲਾ ਬੱਚੇ ਦੀ ਅੱਜ ਸਵੇਰੇ ਨਿਪਾਹ ਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ। ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਨੂੰ ਭੇਜੇ ਗਏ ਨਮੂਨੇ ਵਿੱਚ ਉਸ ਦੇ ਇਸ ਵਾਇਰਸ ਨਾਲ ਗ੍ਰਸਤ ਹੋਣ ਦੀ ਪੁਸ਼ਟੀ ਹੋਈ ਸੀ। ਮੰਤਰੀ ਨੇ ਕਿਹਾ ਕਿ ਬੱਚੇ ਦੇ ਘਰ ਦੇ ਤਿੰਨ ਕਿਲੋਮੀਟਰ ਦੇ ਘੇਰੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ, ਇਸ ਦੇ ਨਾਲ ਲੱਗਦੇ ਖੇਤਰ ਵੀ ਸਖਤ ਨਿਗਰਾਨੀ ਹੇਠ ਹਨ।

 

ਮੰਤਰੀ ਜੌਰਜ ਨੇ ਕਿਹਾ ਕਿ ਰਾਜ ਨੇ ਪੁਣੇ ਦੇ ਐਨਆਈਵੀ ਅਧਿਕਾਰੀਆਂ ਨੂੰ ਕੋਜ਼ੀਕੋਡ ਹਸਪਤਾਲ ਵਿੱਚ ਜਾਂਚ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਐਨਆਈਵੀ ਦੀ ਟੀਮ ਇੱਥੇ ਆਵੇਗੀ ਅਤੇ ਜ਼ਰੂਰੀ ਕੰਮ ਕਰੇਗੀ। ਜੇ ਸ਼ੁਰੂਆਤੀ ਟੈਸਟ ਵਿੱਚ ਮਰੀਜ਼ ਵਿੱਚ ਲਾਗ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਨਮੂਨਾ ਮੁੜ ਪੁਸ਼ਟੀ ਲਈ ਐਨਆਈਵੀ ਨੂੰ ਭੇਜਿਆ ਜਾਵੇਗਾ ਤੇ ਇਹ ਨਤੀਜਾ 12 ਘੰਟਿਆਂ ਦੇ ਅੰਦਰ ਉਪਲਬਧ ਕਰ ਦਿੱਤਾ ਜਾਵੇਗਾ।