ਨਵੀਂ ਦਿੱਲੀ: ਦੇਸ਼ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਚੰਗੀ ਖਬਰ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ। ਇਸ ਦੌਰਾਨ, ਸਵੈ-ਘੋਸ਼ਿਤ ਸੰਤ ਨਿਤਿਆਨੰਦ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਕੋਰੋਨਾ ਉਦੋਂ ਹੀ ਭਾਰਤ ਵਿੱਚ ਖ਼ਤਮ ਹੋਏਗਾ ਜਦੋਂ ਉਹ ਭਾਰਤ ਦੀ ਧਰਤੀ ‘ਤੇ ਕਦਮ ਰੱਖੇਗਾ।
ਕੁਝ ਦਿਨ ਪਹਿਲਾਂ ਜਾਰੀ ਇਕ ਵੀਡੀਓ ਵਿੱਚ ਨਿਤਿਆਨੰਦ ਦਾ ਇਕ ਚੇਲਾ ਪੁੱਛਦਾ ਹੈ ਕਿ ਕੋਰੋਨਾ ਕਦੋਂ ਭਾਰਤ ਛੱਡ ਕੇ ਜਾਵੇਗਾ। ਇਸ ਦਾ ਜਵਾਬ ਦਿੰਦਿਆਂ ਨਿਤਿਆਨੰਦ ਨੇ ਕਿਹਾ ਕਿ ਦੇਵੀ 'ਅਮਾਨ' ਉਸ ਦੇ ਅਧਿਆਤਮਕ ਸਰੀਰ ਵਿਚ ਦਾਖਲ ਹੋ ਗਈ ਹੈ। ਕੋਰੋਨਾ ਉਦੋਂ ਹੀ ਭਾਰਤ ਛੱਡ ਜਾਵੇਗਾ ਜਦੋਂ ਉਹ ਭਾਰਤੀ ਧਰਤੀ 'ਤੇ ਪੈਰ ਰੱਖੇਗਾ। ਨਿਤਿਆਨੰਦ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਨਿਤਿਆਨੰਦ ਨੇ 19 ਅਪ੍ਰੈਲ ਨੂੰ ਘੋਸ਼ਣਾ ਕੀਤੀ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਭਾਰਤ ਤੋਂ ਕੈਲਾਸ਼ਾ ਆਈਲੈਂਡ ਆਉਣ ਵਾਲੇ ਸ਼ਰਧਾਲੂਆਂ ਦੇ ਦਾਖਲੇ ‘ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਉਸ ਨੇ ਬ੍ਰਾਜ਼ੀਲ, ਯੂਰਪੀਅਨ ਯੂਨੀਅਨ ਤੇ ਮਲੇਸ਼ੀਆ ਤੋਂ ਆਉਣ ਵਾਲੇ ਲੋਕਾਂ 'ਤੇ ਵੀ ਪਾਬੰਦੀ ਲਾਉਣ ਦਾ ਐਲਾਨ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਸਵੈ-ਘੋਸ਼ਿਤ ਸੰਤ ਨਿਤਿਆਨੰਦ 'ਤੇ ਯੌਨ ਉਤਪੀੜਨ ਦਾ ਦੋਸ਼ ਲਗਾਇਆ ਗਿਆ ਹੈ। ਸਾਲ 2019 ਵਿਚ ਨਿਤਿਆਨੰਦ ਭਾਰਤ ਤੋਂ ਫਰਾਰ ਹੋ ਗਿਆ ਸੀ। ਨਿਤਿਆਨੰਦ ਦਾ ਦਾਅਵਾ ਹੈ ਕਿ ਉਸ ਨੇ ਇੱਕ ਵਰਚੁਅਲ ਆਈਲੈਂਡ ਸਥਾਪਤ ਕੀਤਾ ਹੈ ਜਿਸ ਦਾ ਨਾਮ ਉਸ ਨੇ ਕੈਲਾਸ਼ਾ ਰੱਖਿਆ ਹੈ। ਦਾਅਵੇ ਅਨੁਸਾਰ ਨਿਤਿਆਨੰਦ ਦਾ ਇਹ ਆਈਲੈਂਡ ਇਕਵਾਡੋਰ ਦੇ ਤੱਟ ਦੇ ਨੇੜੇ ਹੈ।