ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਇੱਕ ਖੁੱਲੇ ਪੱਤਰ ਵਿੱਚ ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਚੌਧਰੀ ਅਜੀਤ ਸਿੰਘ ਨੇ ਚੌਕਸ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੀ ਏਕਤਾ ਨੂੰ ਤੋੜਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਦ੍ਰਿੜ੍ਹ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਹਰ ਵਰਕਰ ਕਿਸਾਨਾਂ ਦੇ ਨਾਲ ਹੈ।

 

ਉਨ੍ਹਾਂ ਕਿਸਾਨਾਂ ਨੂੰ ਲਿਖੇ ਆਪਣੇ ਖੁੱਲੇ ਪੱਤਰ ਵਿੱਚ ਕਿਹਾ ਕਿ “ਕਿਸਾਨਾਂ ਨੂੰ ਅੱਤਵਾਦੀ ਤੇ ਹੁਣ 'ਅੰਦੋਲਨਜੀਵੀ' ਦੱਸਿਆ ਜਾ ਰਿਹਾ ਹੈ, ਜੋ ਬਹੁਤ ਹੀ ਇਤਰਾਜ਼ਯੋਗ ਹੈ। ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਕਿਸਾਨੀ ਅੰਦੋਲਨ ਨਾਲ ਜੁੜੇ ਇਤਿਹਾਸ ਤੋਂ ਜਾਣੂ ਰੱਖਣ ਦੀ ਲੋੜ ਹੈ। ਮੇਰੀ ਪਾਰਟੀ ਦਾ ਹਰ ਵਰਕਰ ਕਿਸਾਨਾਂ ਦੇ ਨਾਲ ਹੈ ਤੇ ਭਵਿੱਖ ਵਿੱਚ ਵੀ ਤੁਹਾਡੇ ਨਾਲ ਹੋਵੇਗਾ।”

 


 

ਪੱਤਰ ਵਿਚ ਅਜੀਤ ਸਿੰਘ ਨੇ ਪਿਛਲੇ ਕਈ ਦਹਾਕਿਆਂ ਤੋਂ ਕਿਸਾਨਾਂ ਨਾਲ ਆਪਣੇ ਪਰਿਵਾਰ ਦੇ ਰਿਸ਼ਤੇ, ਖ਼ਾਸਕਰ ਆਪਣੇ ਪਿਤਾ ਤੇ ਕਿਸਾਨ ਆਗੂ ਚੌਧਰੀ ਚਰਨ ਸਿੰਘ ਨਾਲ ਆਪਣੇ ਸਬੰਧ ਯਾਦ ਕੀਤੇ। ਉਨ੍ਹਾਂ ਲਿਖਿਆ, "ਇਹ ਤੁਸੀਂ ਹੀ ਸੀ ਜਿਸ ਨੇ ਮੈਨੂੰ ਆਰਐਲਡੀ ਦਾ ਝੰਡਾ ਦਿੱਤਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਦੱਸਿਆ। ਮੇਰਠ ਤੋਂ ਲਖਨਊ ਤੱਕ 1988 ਦੀ ਪਦ ਯਾਤਰਾ ਇਸ ਯਾਤਰਾ ਦਾ ਮਹੱਤਵਪੂਰਨ ਮੀਲ ਪੱਥਰ ਹੈ। ਅਸੀਂ ਸੜਕਾਂ ਤੋਂ ਸੰਸਦ ਤੱਕ ਕਿਸਾਨਾਂ ਦੀ ਭਲਾਈ ਲਈ ਲੜਾਈ ਲੜੀ ਹੈ।"