ਮੁਜ਼ੱਫਰਨਗਰ: ਲੌਕਡਾਊਨ 'ਚ ਪਰਵਾਸੀ ਮਜ਼ਦੂਰ ਮਜਬੂਰੀ ਵਸ ਘਰਾਂ ਨੂੰ ਵਾਪਸ ਪਰਤ ਰਹੇ ਹਨ। ਇਸ ਦਰਮਿਆਨ ਲਗਾਤਾਰ ਉਨ੍ਹਾਂ ਦੀਆਂ ਹਾਦਸੇ 'ਚ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਯੂਪੀ ਦੇ ਮੁਜ਼ੱਫਰਨਗਰ ਤੋਂ ਅੱਜ ਵੀਰਵਾਰ ਸਵੇਰੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ।


ਮੁਜ਼ੱਫਰਨਗਰ ਵਿੱਚ ਰੋਡਵੇਜ਼ ਦੀ ਬੇਕਾਬੂ ਬੱਸ ਨੇ ਪਰਵਾਸੀ ਮਜ਼ਦੂਰਾਂ ਨੂੰ ਕੁਚਲ ਦਿੱਤਾ ਹੈ। ਇਸ ਹਾਦਸੇ ਵਿੱਚ 6 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 4 ਮਜ਼ਦੂਰ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਇਹ ਮਜ਼ਦੂਰ ਪੰਜਾਬ ਤੋਂ ਪੈਦਲ ਬਿਹਾਰ ਦੇ ਗੋਪਾਲਗੰਜ ਜਾ ਰਹੇ ਸਨ। ਇਹ ਹਾਦਸਾ ਥਾਣਾ ਨਗਰ ਕੋਤਵਾਲੀ ਖੇਤਰ ਦੇ ਮੁਜ਼ੱਫਰਨਗਰ ਦਿਓਬੰਦ ਸਹਾਰਨਪੁਰ ਹਾਈਵੇਅ ਟੌਲ ਪਲਾਜ਼ਾ ਦੇ ਨਜ਼ਦੀਕ ਵਾਪਰਿਆ।

ਪੈਦਲ ਯਾਤਰੀਆਂ ਨੂੰ ਪਿੱਛੇ ਤੋਂ ਇਕ ਸਰਕਾਰੀ ਬੱਸ ਨੇ ਕੁਚਲ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ ‘ਤੇ ਪਹੁੰਚੀ, ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ, ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰ ਨੇ ਉਨ੍ਹਾਂ ਨੂੰ ਮੇਰਠ ਰੈਫਰ ਕਰ ਦਿੱਤਾ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜਿਆ:

ਪੁਲਿਸ ਨੇ ਮੌਕੇ ਤੋਂ ਸਾਰੇ 6 ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਾਰੇ ਕਰਮਚਾਰੀਆਂ ਦੀ ਪਛਾਣ ਕਰ ਲਈ ਗਈ ਹੈ। ਪਿੱਛੇ ਤੋਂ ਆ ਰਹੇ ਸੈਂਕੜੇ ਮਜ਼ਦੂਰ, ਟਰੱਕਾਂ ਅਤੇ ਹੋਰ ਵਾਹਨਾਂ ‘ਚ ਬਿਠਾ ਕੇ ਉਨ੍ਹਾਂ ਨੂੰ ਅੱਗੇ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਬੱਸ ਦਾ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਧੁੱਤ ਸੀ। ਜਿਵੇਂ ਹੀ ਇਹ ਬੱਸ ਸਹਾਰਨਪੁਰ ਦੇ ਥਾਣਾ ਦਿਓਬੰਦ ਖੇਤਰ ਦੀ ਘੋਲੀ ਜਾਂਚ ਚੌਕੀ ਨੂੰ ਪਾਰ ਕਰਕੇ ਮੁਜ਼ੱਫਰਨਗਰ ਜ਼ਿਲ੍ਹੇ ਦੀ ਹੱਦ ਵਿੱਚ ਦਾਖਲ ਹੋਈ, ਰੋਡਵੇਜ਼ ਬੱਸ ਨੇ ਟੋਲ ਪਲਾਜ਼ਾ ਤੋਂ ਥੋੜੀ ਦੂਰੀ 'ਤੇ ਇਨ੍ਹਾਂ ਮਜ਼ਦੂਰਾਂ ਨੂੰ ਕੁਚਲ ਦਿੱਤਾ। ਰੋਡਵੇਜ਼ ਬੱਸ ਚਾਲਕ ਨੂੰ ਪੁਲਿਸ ਨੇ ਫੜ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ