ਪਾਕਿਸਤਾਨ ਨੇ ਸੋਮਵਾਰ ਨੂੰ ਕੋਵਿਡ -19 ਮਾਮਲਿਆਂ 'ਚ ਰਿਕਾਰਡ ਵਾਧਾ ਹੋਣ ਕਾਰਨ ਯਾਤਰੀਆਂ ਦੇ ਭਾਰਤ ਆਉਣ 'ਤੇ ਦੋ ਹਫ਼ਤਿਆਂ ਲਈ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ। ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਵਿਡ -19 ਦੇ ਕੁੱਲ ਕੇਸਾਂ ਦੀ ਗਿਣਤੀ 1.50 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਸਿਰਫ 15 ਦਿਨਾਂ ਵਿੱਚ 25 ਲੱਖ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਐਕਟਿਵ ਮਾਮਲਿਆਂ ਦੀ ਗਿਣਤੀ 19 ਲੱਖ ਤੋਂ ਪਾਰ ਹੋ ਗਈ ਹੈ।
ਪਾਕਿਸਤਾਨ ਦੇ ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ (ਐਨਸੀਓਸੀ) ਦੇ ਮੁਖੀ ਅਸਦ ਉਮਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਬੈਠਕ ਵਿੱਚ, ਭਾਰਤ ਤੋਂ ਯਾਤਰਾ ਕਰਨ ‘ਤੇ ਦੋ ਹਫ਼ਤਿਆਂ ਦੀ ਰੋਕ ਦਾ ਫੈਸਲਾ ਕੀਤਾ ਗਿਆ। ਇਸ ਸਬੰਧ 'ਚ ਇਕ ਬਿਆਨ 'ਚ ਕਿਹਾ ਗਿਆ ਹੈ, “ਐਨਸੀਓਸੀ ਨੇ ਭਾਰਤ ਨੂੰ ਦੋ ਹਫ਼ਤਿਆਂ ਲਈ ਸ਼੍ਰੇਣੀ 'ਸੀ' ਦੇਸ਼ਾਂ ਦੀ ਸੂਚੀ 'ਚ ਪਾਉਣ ਦਾ ਫੈਸਲਾ ਕੀਤਾ ਹੈ। ਹਵਾਈ ਯਾਤਰਾ ਅਤੇ ਜ਼ਮੀਨੀ ਮਾਰਗ ਰਾਹੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਹੋਵੇਗੀ।”
ਪਹਿਲਾਂ ਹੀ ਸ਼੍ਰੇਣੀ 'ਸੀ' 'ਚ ਸੂਚੀਬੱਧ ਹੋਰ ਦੇਸ਼ਾਂ 'ਚ ਸਾਊਥ ਅਫਰੀਕਾ, ਬੋਤਸਵਾਨਾ, ਘਾਨਾ, ਕੀਨੀਆ, ਕੋਮੋਰੋਸ, ਮੌਜ਼ਾਮਬੀਕ, ਜ਼ੈਂਬੀਆ, ਤਨਜ਼ਾਨੀਆ, ਰਵਾਂਡਾ, ਬ੍ਰਾਜ਼ੀਲ, ਪੇਰੂ, ਕੋਲੰਬੀਆ, ਚਿਲੀ, ਈਸਵਤਨੀ, ਜ਼ਿੰਬਾਬਵੇ, ਲੈਸੋਥੋ, ਮਾਲਾਵੀ, ਸੇਚੇਲਸ, ਸੋਮਾਲੀਆ, ਸੂਰੀਨਾਮ, ਉਰੂਗਵੇ ਅਤੇ ਵੈਨਜ਼ੂਏਲਾ ਸ਼ਾਮਲ ਹਨ।
ਪਿਛਲੇ ਹਫਤੇ, ਲਗਭਗ 815 ਸਿੱਖ ਸ਼ਰਧਾਲੂ ਵਿਸਾਖੀ ਦੇ ਤਿਉਹਾਰ ਦੇ ਮੌਕੇ 'ਤੇ ਭਾਰਤ ਤੋਂ ਲਾਹੌਰ ਪਹੁੰਚੇ ਸੀ। ਉਨ੍ਹਾਂ ਨੂੰ 10 ਦਿਨ ਰਹਿਣ ਦੀ ਆਗਿਆ ਹੈ। ਇਸ ਤੋਂ ਪਹਿਲਾਂ ਐਨਸੀਓਸੀ ਦੀ ਬੈਠਕ 'ਚ ਨਵੀਂ ਕਿਸਮ ਦੇ ਕੋਰੋਨਾ ਵਿਸ਼ਾਣੂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਭਾਰਤ 'ਚ ਕੋਰੋਨਾ ਦੇ ਕੇਸਾਂ 'ਚ ਵਾਧਾ ਹੋਇਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਐਨਸੀਓਸੀ ਨੇ 21 ਅਪਰੈਲ ਨੂੰ ਸ਼੍ਰੇਣੀ ‘ਸੀ’ ਦੀ ਸਮੀਖਿਆ ਕਰਨ ਦਾ ਐਲਾਨ ਵੀ ਕੀਤਾ ਸੀ, ਜਿਸ ਦੇ ਤਹਿਤ ਇੱਕ ਨਵਾਂ ਦੇਸ਼ ਜੋੜਿਆ ਜਾਏਗਾ ਜਾਂ ਇਸ ਤੋਂ ਹਟਾ ਦਿੱਤਾ ਜਾਵੇਗਾ।